ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਗ੍ਰਿਫ਼ਤਾਰ ਰੋਪੜ: ਸ੍ਰੀ ਚਮਕੋਰ ਸਾਹਿਬ (Murder in Sri Chamkaur Sahib) ਵਿੱਚ ਤਲਖੀ ਭਰੀ ਗੱਲ ਕਾਰਣ ਦੋ ਗੁੱਟਾਂ ਵਿਚਕਾਰ ਸ਼ੁਰੂ ਹੋਏ ਝਗੜੇ ਨੇ ਅਚਾਨਕ ਖੂਨੀ ਰੂਪ ਧਾਰ ਲਿਆ। ਇਸ ਝਗੜੇ ਦੌਰਾਨ 22 ਸਾਲ ਦੇ ਨੌਜਵਾਨ ਧੀਰਜ ਕੁਮਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਧੀਰਜ ਕੁਮਾਰ ਉਮਰ 22 ਪਿੰਡ ਬਸੀ ਗੁੱਜਰਾਂ ਵਜੋਂ ਹੋਈ ਹੈ। ਕਤਲ ਮਗਰੋਂ ਪੁਲਿਸ ਨੇ ਕੁੱਝ ਮੁਲਜ਼ਮਾਂ ਨੂੰ ਰਾਤ ਸਮੇਂ ਹੀ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਸੀ ਜੋ ਕਿ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਅੰਦਰ ਦਾਖਿਲ ਸਨ।
ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਦੀ ਮੰਗ: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੰਡਾ ਪੈਟੋਰਲ ਪੰਪ ਉੱਤੇ ਕੰਮ ਕਰਦਾ ਸੀ ਅਤੇ ਕਿਸੇ ਨਾਲ ਉਸ ਦੀ ਕੋਈ ਦੁਸ਼ਮਣੀ ਵੀ ਨਹੀਂ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਕਤਲ ਵਿੱਚ ਸ਼ਾਮਿਲ ਮੁਲਜ਼ਮਾਂ ਦਾ ਸਬੰਧ ਇੱਕ ਨੇੜਲੇ ਨਿਹੰਗਾਂ ਦੇ ਡੇਰੇ ਨਾਲ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੀੜਤ ਪਰਿਵਾਰ ਨੇ ਕਤਲ ਵਿੱਚ ਸ਼ਾਮਿਲ ਸਾਰੇ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮੁਲਜ਼ਮ ਗ੍ਰਿਫ਼ਤਾਰ:ਦੂਜੇ ਪਾਸੇ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਸਮੇਤ ਹੋਰ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਹਰਸ਼ ਮੋਹਣ ਗੌਤਮ ਨੇ ਦੱਸਿਆ ਕਿ (Ropar Police) ਪੁਲਿਸ ਨੇ ਮ੍ਰਿਤਕ ਧੀਰਜ ਕੁਮਾਰ ਦੇ ਚਾਚੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਓਂਕਾਰ ਸਿੰਘ ਪਿੰਡ ਬਸੀ ਗੁੱਜਰਾਂ, ਦਮਨਪ੍ਰੀਤ ਸਿੰਘ ਵਾਸੀ ਚਮਕੌਰ ਸਾਹਿਬ ਅਤੇ ਨਵਜੋਤ ਸਿੰਘ ਨਵੀਂ ਪਿੰਡ ਰਾਏਪੁਰ ਉੱਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਦੋ ਗੁੱਟਾਂ ਦੇ ਝਗੜੇ ਵਿੱਚ ਜ਼ਖ਼ਮੀ ਹੋਏ ਧੀਰਜ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਕਿ ਡਾਕਟਰਾਂ ਵੱਲੋਂ ਧੀਰਜ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਜ਼ਖ਼ਮੀ ਹੋਏ ਮ੍ਰਿਤਕ ਦੇ ਸਾਥੀ ਸੁਖਦੀਪ ਸਿੰਘ ਨੂੰ ਦਾਖਲ ਕਰ ਲਿਆ ।
ਪੁਲਿਸ ਨੇ ਉਕਤ ਮੁਲਜ਼ਮਾਂ ਖਿਲਾਫ ਧਾਰਾ ਕਤਲ ਸਮੇਤ 148 ਅਤੇ 149 ਆਈਪੀਸੀ ਅਧੀਨ ਕੇਸ ਦਰਜ ਕਰਕੇ ਫਰਾਰ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਵੀ ਹਾਸਿਲ ਕਰ ਲਿਆ। ਇਸ ਤੋਂ ਇਲਾਵਾ ਫਰਾਰ ਮੁਲਜ਼ਮਾਂ ਨੂੰ ਪੁਲਿਸ ਨੇ ਜਲਦ ਕਾਬੂ ਕਰਨ ਦਾ ਭਰੋਸਾ ਦਿਵਾਇਆ ਹੈ।