ਪਠਾਨਕੋਟ: ਜਿੱਥੇ ਇੱਕ ਪਾਸੇ, ਪੂਰਾ ਦੇਸ਼ 15 ਅਗਸਤ ਮਨਾਉਣ ਦੇ ਜਸ਼ਨਾਂ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ, ਉੱਥੇ ਹੀ ਇਸ ਖਾਸ ਦਿਨ ਦੇ ਮੱਦੇਨਜ਼ਰ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ, ਜ਼ਿਲ੍ਹਾ, ਸੂਬੇ ਅਤੇ ਸਰਹੱਦਾਂ ਉੱਤੇ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਤਹਿਤ ਪਾਕਿਸਤਾਨ ਨਾਲ ਲੱਗਦੀ ਸਰਹੱਦਾਂ ਉੱਤੇ ਬੀਐਸਐਫ ਜਵਾਨਾਂ ਵਲੋਂ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਤਾਂ ਜੋ ਆਮ ਜਨਤਾ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸੇ ਲੜੀ ਤਹਿਤ ਬੀਐਸਐਫ ਵਲੋਂ ਭਾਰਤੀ-ਪਾਕਿਸਤਾਨ ਸਰਹੱਦ ਉੱਤੇ ਵੱਡੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਗਿਆ।
ਬੀਐਸਐਫ ਨੇ ਕੀਤੇ 14 ਰਾਊਂਡ ਫਾਇਰ:ਪਠਾਨਕੋਟ ਦੇ ਪਿੰਡ ਸਿੰਬਲ ਸਕੋਲ ਨੇੜੇ ਵਿਖੇ ਐਤਵਾਰ ਰਾਤ ਨੂੰ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕੀਤਾ ਗਿਆ ਹੈ। ਬੀਐਸਐਫ ਜਵਾਨਾਂ ਨੇ ਪਠਾਨਕੋਟ ਵਿੱਚ ਭਾਰਤ-ਪਾਕਿਸਤਾਨ ਸਰਹੱਦ ਕ੍ਰਾਸ ਕਰ ਰਹੇ ਵਿਅਕਤੀ ਨੂੰ ਮਾਰ ਦਿੱਤਾ। ਕਰੀਬ 14 ਰਾਊਂਡ ਫਾਇਰ ਕੀਤੇ ਗਏ। ਵਿਅਕਤੀ ਦੀ ਲਾਸ਼ ਝਾੜੀਆਂ ਚੋਂ ਬਰਾਮਦ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ, ਸੁਤੰਤਰਤਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤ-ਪਾਕਿਸਤਾਨ ਸਰਹੱਦ ਉੱਤੇ ਬੀਐਸਐਫ ਵਲੋਂ ਇਹ ਕਾਰਵਾਈ ਕੀਤੀ ਗਈ। ਭਾਰਤ-ਪਾਕਿਸਤਾਨ ਸਰਹੱਦ ਉੱਤੇ ਕਮਲਜੀਤ ਪੋਸਟ ਉੱਤੇ ਬੀਤੀ ਰਾਤ ਫਾਇਰਿੰਗ ਹੋਈ ਜਿਸ ਵਿੱਚ ਪਾਕਿਸਤਾਨ ਵਲੋਂ ਭਾਰਤ ਦੀ ਸਰਹੱਦ ਅੰਦਰ ਘੁਸਪੈਠ ਕਰਨ ਵਾਲੇ ਨੂੰ ਮਾਕ ਦਿੱਤਾ ਗਿਆ।
#AlertBSF tps ਨੇ ਪਿੰਡ-ਸਿੰਬਲ ਸਕੋਲ, #ਪਠਾਨਕੋਟ ਦੇ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਦੀ ਸ਼ੱਕੀ ਗਤੀ ਨੂੰ ਦੇਖਿਆ। ਘੁਸਪੈਠ ਕਰਨ ਵਾਲੇ ਨੂੰ ਵਾਰ-ਵਾਰ ਚੁਣੌਤੀ ਦਿੱਤੀ ਗਈ ਅਤੇ ਬਾਅਦ ਵਿੱਚ ਆਉਣ ਵਾਲੇ ਖ਼ਤਰੇ ਨੂੰ ਰੋਕਣ ਲਈ ਸਵੈ-ਰੱਖਿਆ ਵਿੱਚ ਉਸ ਨੂੰ ਢੇਰ ਕਰ ਦਿੱਤਾ ਗਿਆ। - ਬੀਐਸਐਫ ਪੰਜਾਬ ਫਰੰਟੀਅਰ
ਸਰਹੱਦ ਉੱਤੇ ਸਰਚ ਅਭਿਆਨ ਜਾਰੀ:ਇਸ ਮਾਮਲੇ ਨੂੰ ਲੈ ਕੇ ਬੀਐਸਐਫ ਨੇ ਅਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਉੱਤੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ, ਸੂਤਰਾਂ ਮੁਤਾਬਕ ਸਰਹੱਦ ਉੱਤੇ ਕਾਫੀ ਹਲਚਲ ਦਿਖਾਈ ਦੇ ਰਹੀ ਹੈ। ਇਲਾਕੇ ਦੇ ਹਰ ਕੋਨੇ-ਕੋਨੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਤੇ ਬੀਐਸਐਫ ਦੇ ਜਵਾਨ ਕਾਫੀ ਅਲਰਟ ਹਨ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕਰੀਬ 12:30 ਵਜੇ ਬੀਐਸਐਫ ਜਵਾਨਾਂ ਨੇ ਸਰਹੱਦੀ ਇਲਾਕਿਆਂ ਵਿੱਚ ਵਾੜ ਅੱਗੇ ਇੱਕ ਪਾਕਿਸਤਾਨੀ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ। ਫੌਜ ਨੇ ਘੁਸਪੈਠੀਏ ਨੂੰ ਚੇਤਾਵਨੀ ਵੀ ਦਿੱਤੀ, ਪਰ ਉਹ ਰੁਕਿਆ ਨਹੀਂ ਜਿਸ ਤੋਂ ਬਾਅਦ ਫਾਇਰਿੰਗ ਕੀਤੀ ਗਈ।