ਮੋਗਾ: ਪਰਾਲੀ ਦੇ ਧੂੰਏ ਨੂੰ ਲੈ ਕੇ ਕਿਸਾਨਾਂ ਉਪਰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਸਿਆਸਤ ਕੀਤੀ ਜਾਂਦੀ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਦਾ ਐਲਾਨ ਵੀ ਕੀਤਾ ਸੀ ਪਰ ਵਫ਼ਾ ਨਾ ਹੋਣ ਕਾਰਨ ਕਿਸਾਨਾਂ ਨੇ ਮੁੜ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤੀ ਹੈ। ਉਧਰ, ਇਸ ਦੌਰਾਨ ਹੀ ਪੰਜਾਬ ਦਾ ਇੱਕ ਪਿੰਡ ਰਣਸੀਂਹ ਕਲਾਂ ਪਰਾਲੀ ਦੇ ਧੂੰਏ ਨੂੰ ਚੀਰਦਾ ਪਰਾਲੀ ਨਾ ਸਾੜਨ ਵਾਲਾ ਪਹਿਲਾ ਪਿੰਡ ਬਣ ਕੇ ਨਿਕਲਿਆ ਹੈ। ਪਿੰਡ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਨਾਲ-ਨਾਲ ਪੰਚਾਇਤ ਨੇ ਪਲਾਸਟਿਕ ਮੁਕਤ ਵੀ ਕੀਤਾ ਹੈ। ਇਸ ਵਾਰ ਪੰਚਾਇਤ ਨੇ ਪਿੰਡ ਦੇ ਹਰੇਕ ਕਿਸਾਨ ਨੂੰ ਪਰਾਲੀ ਨਾ ਸਾੜਨ ਦੇ ਇਵਜ਼ ਵਿੱਚ 500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਈਟੀਵੀ ਭਾਰਤ ਨੇ ਪਿੰਡ ਦਾ ਦੌਰਾ ਕਰਕੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਇਸ ਸਬੰਧ ਵਿੱਚ ਵਿਸ਼ੇਸ਼ ਗੱਲ ਕੀਤੀ।
ਪ੍ਰੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਪੰਚਾਇਤ ਨੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਪਲਾਸਟਿਕ ਅਤੇ ਪਲਾਸਟਿਕ ਦੇ ਕਚਰੇ ਦੇ ਬਦਲੇ ਪਿੰਡ ਵਾਸੀਆਂ ਨੂੰ ਪੰਚਾਇਤ ਵੱਲੋਂ ਗੁੜ, ਚਾਵਲ, ਖੰਡ ਅਤੇ ਕਣਕ ਦਿੱਤੀ ਗਈ ਸੀ। ਇਸਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਪਿੰਡ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਫ਼ੈਸਲਾ ਲਿਆ ਅਤੇ 5 ਲੱਖ ਰੁਪਏ ਦੇ ਸੰਦ ਖਰੀਦੇ ਗਏ, ਜਿਨ੍ਹਾਂ ਨਾਲ ਪਿੰਡ ਭਰ ਦੇ ਕਿਸਾਨਾਂ ਨੇ ਕਣਕ ਦੀ ਫ਼ਸਲ ਪਰਾਲੀ ਨਾਲ ਹੀ ਬੀਜੀ।