ਚੰਡੀਗੜ੍ਹ:ਮੁੱਖ ਮੰਤਰੀ ਪੰਜਾਬ ਵਾਸੀਆਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਨ। ਇਸੇ ਕਾਰਨ ਤਾਂ ਆਮ ਲੋਕਾਂ ਦੀ ਜੇਬ ਹਲਕੀ ਹੋਣ ਤੋਂ ਬਚਾ ਰਹੇ ਹਨ। ਹੁਣ ਇੱਕ ਵਾਰ ਫਿਰ ਸੀ.ਐੱਮ ਮਾਨ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨਗੇ ਕਿਉਂਕਿ ਉਨ੍ਹਾਂ ਵੱਲੋਂ ਇੱਕ ਇੱਕ ਹੋਰ ਟੋਲ ਪਲਾਜਾ ਬੰਦ ਕਰਵਾਇਆ ਜਾਵੇਗਾ। ਇਸ ਬਾਰੇ ਖੁਦ ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਸਿੰਘਾਂਵਾਲਾ ਟੋਲ ਪਲਾਜ਼ਾ ਅੱਜ ਤੋਂ ਬੰਦ: ਕਾਬਲੇਜ਼ਿਕਰ ਹੈ ਕਿ ਮੋਗਾ-ਕੋਟਕਪੂਰਾ ਰੋਡ 'ਤੇ ਸਥਿਤ ਸਿੰਘਾਂਵਾਲਾ ਟੋਲ ਪਲਾਜ਼ਾ ਅੱਜ ਤੋਂ ਲੋਕਾਂ ਲਈ ਮੁੱਖ ਮੰਤਰੀ ਵੱਲੋਂ ਖੋਲ੍ਹ ਦਿੱਤਾ ਜਾਵੇਗਾ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਲੋਕਾਂ ਦੇ ਹਰ ਰੋਜ਼ 4.50 ਲੱਖ ਰੁਪਏ ਬਚਣਗੇ।
ਸਮੇਂ ਤੋਂ ਪਹਿਲਾਂ ਹੀ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਨੂੰ ਦਿੱਤੀ ਰਾਹਤ : ਦੱਸ ਦਈਏ ਕਿ ਮੋਗਾ-ਕੋਟਕਪੂਰਾ ਰੋਡ 'ਤੇ 25 ਅਪ੍ਰੈਲ 2008 ਨੂੰ ਪੀ ਡੀ ਅਗਰਵਾਲ ਦੇ ਨਾਮ ਉੱਤੇ ਇਹ ਟੋਲ ਪਲਾਜ਼ਾ ਸ਼ੁਰੂ ਹੋਇਆ ਸੀ ਅਤੇ ਉਸ ਦਾ ਟਾਇਮ ਪੂਰਾ ਹੋਣ 'ਤੇ ਵੀ ਇਹ ਚਾਲੂ ਰਿਹਾ। 2022 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਲੱਗੇ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਟੋਲ ਪਲਾਜ਼ਾ ਪਹਿਲਾਂ 21 ਜੁਲਾਈ ਨੂੰ ਬੰਦ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਬੰਦ ਕਰਨ ਦੀ ਖ਼ਬਰ ਨੇ ਲੋਕਾਂ ਨੂੰ ਹੋਰ ਵੀ ਖੁਸ਼ੀ ਦਿੱਤੀ ਹੈ।
ਟੋਲ ਪਲਾਜ਼ਾ ਕਰਮਚਾਰੀਆਂ ਨੇ ਰੁਜ਼ਗਾਰ ਖੁੱਸਣ 'ਤੇ ਜਤਾਈ ਚਿੰਤਾ : ਉਥੇ ਹੀ, ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਟੋਲ ਪਲਾਜ਼ਾ ਬੰਦ ਹੋਣ ਦੇ ਅਸਰ ਹੋਣ ਦੀ, ਤਾਂ ਇਸ ਨਾਲ ਜਿੱਥੇ ਲੋਕ ਖੁਸ਼ ਹਨ ਤਾਂ ਉਥੇ ਹੀ ਟੋਲ ਪਲਾਜ਼ਾ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਭੁੱਖਾਂ ਮਾਰਨਾ ਹੈ। ਜੇਕਰ ਟੋਲ ਪਲਾਜ਼ੇ ਬੰਦ ਕਰਨੇ ਹਨ ਤਾਂ ਸਾਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਜਾਵੇ ਤਾਂ ਕਿ ਸਾਡੇ ਘਰ ਗੁਜ਼ਾਰਾ ਚਲਦਾ ਰਹੇ। ਦੂਜੇ ਪਾਸੇ ਜਦੋਂ ਆਉਂਦੇ ਜਾਂਦੇ ਰਾਹਗੀਰਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਆਪ ਸਰਕਾਰ ਨੇ ਬਹੁਤ ਸ਼ਲਾਘਾਯੋਗ ਫ਼ੈਸਲਾ ਲਿਆ ਹੈ। ਅਸੀ ਪੰਜਾਬ 'ਚ ਬੰਦ ਕੀਤੇ ਟੋਲ ਪਲਾਜ਼ਾ ਲਈ ਮਾਨ ਸਰਕਾਰ ਦਾਂ ਧੰਨਵਾਦ ਕਰਦੇ ਹਾਂ।