ਪੀੜਤ ਮਹਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸੀ ਕਹਾਣੀ ਮਾਨਸਾ:ਅਕਸਰ ਹੀ ਕਹਿੰਦੇ ਨੇ ਕਿ ਗਰੀਬੀ ਤੇ ਮਾੜੀ ਔਲਾਦ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੀ ਹੈ। ਅਜਿਹਾ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਦੇ 75 ਸਾਲਾਂ ਪੀੜਤ ਮਹਿੰਦਰ ਸਿੰਘ ਨਾਲ ਹੋਇਆ, ਜੋ ਕਿ ਚਾਰ ਪੁੱਤਰਾਂ ਦਾ ਪਿਤਾ ਸੀ, ਜਿਸ ਦੇ 4 ਪੁੱਤਰਾਂ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਲਈ ਤੇ ਹੁਣ ਪੀੜਤ ਮਹਿੰਦਰ ਸਿੰਘ ਤੇ ਉਸਦੀ ਪਤਨੀ ਪੇਟ ਪਾਲਣ ਲਈ ਜ਼ਿੰਦਗੀ ਦੀ ਜੰਗ ਲੜ ਰਹੇ ਹਨ।
ਪੀੜਤ ਮਹਿੰਦਰ ਸਿੰਘ ਨੇ ਸੁਣਾਏ ਦੁੱਖੜੇ: ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਦੇ 75 ਸਾਲਾਂ ਪੀੜਤ ਮਹਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ 4 ਬੇਟੇ ਸੀ, ਜੋ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਨਾਜ਼ੁਕ ਹੋਣ ਕਾਰਨ ਪਹਿਲਾਂ 1 ਪੁੱਤਰ ਨੇ ਪ੍ਰੇਮ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਅਤੇ ਦੂਸਰੇ ਬੇਟੇ ਨੇ ਵਿਆਹ ਦੇ ਲਈ ਕਰਜ਼ੇ ਲੈ ਕੇ ਘਰ ਬਣਾਇਆ, ਉਸ ਨੂੰ ਵੀ ਘਰ ਨਸੀਬ ਨਹੀਂ ਹੋਇਆ ਤੇ ਉਸ ਨੇ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਇਲਾਵਾ ਪੀੜਤ ਮਹਿੰਦਰ ਸਿੰਘ ਨੇ ਕਿਹਾ ਤੀਸਰੇ ਬੇਟੇ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਘਰ ਵਿਚ ਰੋਟੀ ਕਮਾਉਣ ਦਾ ਕੋਈ ਵੀ ਜ਼ਰੀਆਂ ਨਾ ਰਿਹਾ, ਕਿਉਕਿ ਚੌਥਾ ਬੇਟਾ ਹਾਲਾਤਾਂ ਦੇ ਚੱਲਦੇ ਦਿਮਾਗੀ ਤੌਰ ਉੱਤੇ ਪ੍ਰੇਸ਼ਾਨ ਹੋ ਗਿਆ।
ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ:ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਦਫ਼ਤਰਾਂ ਅਤੇ ਸਰਕਾਰ ਦੇ ਵਾਰ-ਵਾਰ ਦਰਵਾਜ਼ੇ ਖੜਕਾਉਂਦਾ ਰਿਹਾ, ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ, ਜਿਸ ਤੋਂ ਬਾਅਦ ਚੌਥਾ ਪੁੱਤਰ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਹਨਾਂ ਕਿਹਾ ਕਿ ਉਸ ਦੀ ਪਤਨੀ ਦੀ ਹਾਲਤ ਵੀ ਹੁਣ ਨਾਜ਼ੁਕ ਹੈ ਜੋ ਕਿ ਦਿਮਾਗੀ ਪਰੇਸ਼ਾਨੀ ਦੇ ਆਲਮ ਵਿੱਚ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਸਾਈਕਲ ਉੱਤੇ ਪਿੰਡ ਗੁਰਨੇ ਤੋਂ ਰੋਜ਼ਾਨਾ ਮਾਨਸਾ ਵਿਖੇ ਝੋਨਾ ਲਾਉਣ ਦੀ ਮਜ਼ਦੂਰੀ ਕਰਨਾ ਆ ਰਿਹਾ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦੇ ਮਦਦ ਦੀ ਅਪੀਲ ਕੀਤੀ।
ਸਮਾਜ ਸੇਵੀਆਂ ਨੇ ਕੀਤੀ ਮਦਦ ਦੀ ਅਪੀਲ:ਮਾਨਸਾ ਦੇ ਸਮਾਜ ਸੇਵੀ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਬਲਜਿੰਦਰ ਸੰਗੀਲਾ ਨੇ ਦੱਸਿਆ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਲਗਾਤਾਰ ਦਾਅਵੇ ਕਰਦਾ ਹੈ ਕਿ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪਰ ਇੱਥੇ ਹਾਲਾਤ ਅਜਿਹੇ ਹਨ ਕਿ 75 ਸਾਲਾਂ ਬਜ਼ੁਰਗ ਮਹਿੰਦਰ ਸਿੰਘ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਹਰ ਰੋਜ਼ ਸਾਈਕਲ ਉੱਤੇ ਮਾਨਸਾ ਵਿਖੇ ਮਜ਼ਦੂਰੀ ਕਰਨ ਦੇ ਲਈ ਆ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ।