ਹੈਦਰਾਬਾਦ ਡੈਸਕ:ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਮਾਤਾ-ਪਿਤਾ ਵਲੋਂ ਪੁੱਤਰ ਦੇ ਕਤਲ ਵਿੱਚ ਹਰ ਦਿਨ ਹੋ ਰਹੇ ਨਵੇਂ ਖੁਲਾਸਿਆਂ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਗਈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇਸ ਉੱਤੇ ਅਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ। ਉਨ੍ਹਾਂ ਵਲੋਂ ਸਾਂਝੀ ਕੀਤੀ ਪੋਸਟ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਮਾਤਾ ਚਰਨ ਕੌਰ ਵਲੋਂ ਤਾਜ਼ਾ ਸਾਂਝੀ ਕੀਤੀ ਪੋਸਟ ਵਿੱਚ ਸਿੱਧੂ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਦੇ ਨਵੇਂ ਚਿਹਰੇ ਸਾਹਮਣੇ ਆਉਣ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ।
ਮਾਤਾ ਚਰਨ ਕੌਰ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦੇ ਹੋਏ ਅਪਣੇ ਪੁੱਤ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ, 'ਹਰ ਰੋਜ਼ ਪਰਦੇ ਉੱਠ ਰਹੇ ਹਨ, ਹਰ ਰੋਜ਼ ਇਹ ਚਿਹਰੇ ਅਤੇ ਨਾਮ ਅਕਾਲ ਪੁਰਖ ਸਾਹਮਣੇ ਲਿਆ ਰਹੇ ਆ, ਜਿਨ੍ਹਾਂ ਨੇ ਮੇਰੇ ਬੇਕਸੂਰ ਬੱਚੇ ਦੇ ਅਨਮੋਲ ਸਾਹਾਂ ਨੂੰ ਸਾਡੇ ਤੋ ਖੋਹ ਲਿਆ। ਮੈਂ ਵੀ ਅਕਸਰ ਸੋਚੀ ਪੈ ਜਾਂਦੀ ਸੀ ਸ਼ੁੱਭ ਕਿ ਅਕਾਲ ਪੁਰਖ ਉੱਤੇ ਛੱਡ ਮੈਂ ਕਿਤੇ ਅਪਣੇ ਫ਼ਰਜ਼ ਤੋਂ ਪਿੱਛੇ ਤਾਂ ਨਹੀਂ ਹਟ ਰਹੀਂ, ਪਰ ਨਹੀਂ ਪੁੱਤ ਅਕਾਲ ਪੁਰਖ ਮੇਰੇ ਸਾਹਮਣੇ ਇਨਸਾਫ਼ ਕਰ ਰਹੇ ਨੇ, ਪੁੱਤ ਮੈਂ ਜਾਣਦੀ ਆ ਕਿ ਸਮਾਂ ਲੱਗ ਰਿਹਾ ਹੈ ਜਾਂ ਲੱਗੇਗਾ, ਪਰ ਉਹ ਚਿਹਰੇ ਜਗ ਜ਼ਾਹਿਰ ਵੀ ਹੋਣਗੇ ਤੇ ਇਨਸਾਫ਼ ਵੀ ਜ਼ਰੂਰ ਮਿਲੇਗਾ, ਇਹ ਵਿਸ਼ਵਾਸ ਅਕਾਲ ਪੁਰਖ ਉੱਤੇ ਇੱਕ ਬਹਾਦਰ ਪੁੱਤਰ ਦੀ, ਬਹਾਦਰ ਮਾਂ ਕਰ ਰਹੀ ਆ।'