ਮਾਨਸਾ: ਸ਼ਹਿਰ 'ਚ ਅਧਿਆਪਕ ਯੋਗਤਾ ਟੈਸਟ ਦੇਣ ਪੁੱਜੇ ਉਮੀਦਵਾਰਾਂ ਨੂੰ ਇੱਥੇ ਟ੍ਰੈਫਿਕ ਜਾਮ ਕਾਰਨ ਪ੍ਰੀਖਿਆ ਸੈਂਟਰ ਪਹੁੰਚਣ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਲੈ ਕੇ ਉਮੀਦਵਾਰਾਂ ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਸਣੇ ਸਥਾਨਕ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲਿਆ।
ਅਧਿਆਪਕ ਯੋਗਤਾ ਟੈਸਟ ਦੇਣ ਪੁੱਜੇ ਉਮੀਦਵਾਰ ਟ੍ਰੈਫਿਕ ਜਾਮ ਕਾਰਨ ਹੋਏ ਖੱਜਲ ਖੁਆਰ - ਅਧਿਆਪਕ ਯੋਗਤਾ ਟੈਸਟ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਅਧਿਆਪਕ ਯੋਗਤਾ ਟੈਸਟ ਲਿਆ ਗਿਆ। ਇਸ ਮੌਕੇ ਮਾਨਸਾ ਵਿਖੇ ਇਹ ਟੈਸਟ ਦੇਣ ਪੁੱਜੇ ਉਮੀਦਵਾਰਾਂ ਨੂੰ ਟ੍ਰੈਫਿਕ ਜਾਮ ਦੇ ਚਲਦੇ ਖੱਜਲ ਖੁਆਰ ਹੋਣਾ ਪਿਆ। ਇਸ ਦੌਰਾਨ ਸਥਾਨਕ ਲੋਕਾਂ ਤੇ ਹੋਰਨਾਂ ਜ਼ਿਲ੍ਹਿਆਂ ਤੋਂ ਟੈਸਟ ਦੇਣ ਆਏ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਹੈ।
ਦੱਸਣਯੋਗ ਹੈ ਕਿ ਮਾਨਸਾ 'ਚ ਬੇਸ਼ੱਕ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਚੌਕਾਂ 'ਤੇ ਟ੍ਰੈਫਿਕ ਜਾਮ ਨਾ ਲੱਗਣ ਦੇਣ ਦੇ ਲਈ ਡਿਊਟੀ ਨਿਭਾਈ ਜਾ ਰਹੀ ਸੀ। ਇਸ ਦੇ ਬਾਵਜੂਦ ਸ਼ਹਿਰ 'ਚ ਵਨ-ਵੇ ਸੜਕ ਹੋਣ ਵੱਖ-ਵੱਖ ਚੌਕਾਂ ਉੱਤੇ ਭਾਰੀ ਜਾਮ ਵੇਖਣ ਨੂੰ ਮਿਲਿਆ। ਇਸ ਦੇ ਚਲਦੇ ਹੋਰਨਾਂ ਜ਼ਿਲ੍ਹਿਆਂ ਤੋਂ ਟੈਸਟ ਦੇਣ ਲਈ ਆਏ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਪੁਜਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਬਾਰੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸਥਾਨਕ ਲੋਕਾਂ ਨੇ ਆਖਿਆ ਕਿ ਸ਼ਹਿਰ ਵਨ-ਵੇ ਹੋਣ ਦੇ ਕਾਰਨ ਇਥੇ ਵੱਖ-ਵੱਖ ਚੌਕਾਂ 'ਚ ਅਕਸਰ ਲੰਬੇ ਜਾਮ ਲਗਦੇ ਹਨ। ਇਸ ਤੋਂ ਇਲਾਵਾ ਅਧਿਆਪਕ ਯੋਗਤਾ ਟੈਸਟ ਦੇਣ ਪੁੱਜੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਕਲ ਰੋਕਣ ਲਈ ਜ਼ਿਲ੍ਹਾ ਬਦਲ ਕੇ ਟੈਸਟ ਲਿਆ ਜਾ ਰਿਹਾ ਹੈ,ਪਰ ਉਮੀਦਵਾਰਾਂ ਲਈ ਜਿਹੜੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ ਉਨ੍ਹਾਂ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਕਈ ਉਮੀਦਵਾਰ ਤਾਂ ਕਈ ਘੰਟੇ ਜਾਮ 'ਚ ਫਸੇ ਹੋਣ ਕਾਰਨ ਪ੍ਰੀਖਿਆ ਸ਼ੁਰੂ ਹੋਣ ਤੱਕ ਵੀ ਉਥੇ ਨਹੀਂ ਪਹੁੰਚ ਸਕੇ। ਉਨ੍ਹਾਂ ਜਲਦ ਹੀ ਸੂਬਾ ਸਰਕਾਰ ਕੋਲੋਂ ਸ਼ਹਿਰ ਦੀ ਸੜਕਾਂ ਨੂੰ ਟੂ-ਵੇ ਕੀਤੇ ਜਾਣ ਦੀ ਮੰਗ ਕੀਤੀ ਹੈ।