ਵਾਰ ਵਾਰ 6 ਵਾਰ, ਧੋਖੇ ਨਾਲ ਕਰਵਾਏ ਵਿਆਹ, ਫਿਰ ਕੀਤੀ ਸ਼ਿਕਾਇਤ - MARRIAGE
ਲੁਧਿਆਣਾ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲਾੜੀ ਨੇ ਛੇ ਨੌਜਵਾਨਾਂ ਨੂੰ ਪਿਆਰ ਵਿੱਚ ਫਸਾ ਕੇ ਵਾਰੋ ਵਾਰੀ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਆਪਣੇ ਘਰਵਾਲਿਆਂ ਨਾਲ ਹੀ ਲੱਖਾਂ ਰੁਪਏ ਦੀ ਠੱਗੀ ਕਰਕੇ, ਉਨ੍ਹਾਂ ਵਿਰੁੱਧ ਹੀ ਮਾਮਲੇ ਦਰਜ ਕਰਵਾ ਦਿੱਤੇ।
ਲੁਧਿਆਣਾ: ਸ਼ਹਿਰ 'ਚ ਇੱਕ ਔਰਤ ਨੇ ਪਿਆਰ ਦੇ ਜਾਲ 'ਚ ਫਸਾ ਕੇ ਛੇ ਨੌਜਵਾਨਾਂ ਨਾਲ ਵਿਆਹ ਕਰਵਾਇਆ। ਇੰਨਾਂ ਹੀ ਨਹੀਂ ਬਾਅਦ 'ਚ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰ ਵੀ ਲਈ।
ਇਸ ਮਾਮਲੇ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਉਸ ਦੇ ਤੀਜੇ ਪਤੀ ਦਾ ਆਧਾਰ ਕਾਰਡ ਮਿਲਿਆ। ਔਰਤ ਦੇ ਪਹਿਲੇ ਤਿੰਨ ਪਤੀ ਇੱਕ-ਦੂਜੇ ਨੂੰ ਮਿਲੇ ਤੇ ਵੂਮੈੱਨ ਸੈਲ ਪਹੁੰਚ ਗਏ। ਪੁਲਿਸ ਨੇ ਤਿੰਨ ਪਤੀਆਂ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਆਰ ਵਿਚ ਫਸਾ ਕੇ ਕਰਦੀ ਸੀ ਵਿਆਹ, ਫਿਰ ਲਗਾਉਂਦੀ ਸੀ ਕੁੱਟਮਾਰ ਦੇ ਦੋਸ਼
ਮਹਿਲਾ ਦੇ ਤਿੰਨ ਪਤੀਆਂ ਨੇ ਦੱਸਿਆ ਕਿ ਉਹ ਪਹਿਲਾਂ ਨੌਜਵਾਨਾਂ ਨੂੰ ਪਿਆਰ ਦੇ ਜਾਲ੍ਹ 'ਚ ਫਸਾਉਂਦੀ ਹੈ ਤੇ ਫਿਰ ਛੇਤੀ ਹੀ ਵਿਆਹ ਕਰਵਾ ਲੈਂਦੀ ਹੈ। ਇਸ ਤੋਂ ਬਾਅਦ ਉਹ ਘਰ 'ਚ ਕਲੇਸ਼ ਕਰ ਕੇ ਪੈਸੇ ਅਤੇ ਸਾਮਾਨ ਲੈ ਕੇ ਚਲੀ ਜਾਂਦੀ ਹੈ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਦੀ ਹੈ। ਇੰਨਾਂ ਹੀ ਨਹੀਂ ਬਾਅਦ ਵਿਚ ਰਾਜ਼ੀਨਾਮਾ ਕਰਕੇ ਪੈਸੇ ਵੀ ਲੈ ਲੈਂਦੀ ਹੈ। ਉਸ ਨੇ ਤਿੰਨਾਂ ਨੂੰ ਆਪਣੇ ਵੱਖ-ਵੱਖ ਨਾਂ ਦੱਸੇ ਸਨ। ਪਹਿਲੇ ਨੂੰ ਪ੍ਰੀਤ, ਦੂਜੇ ਨੂੰ ਮਨਪ੍ਰੀਤ ਅਤੇ ਤੀਜੇ ਨੂੰ ਰੀਨਾ ਨਾਂਅ ਦੱਸਿਆ ਸੀ। ਇਸ ਤਰ੍ਹਾਂ ਉਸ ਨੇ ਛੇ ਲੋਕਾਂ ਨਾਲ ਧੋਖਾ ਕੀਤਾ। ਚੌਥੇ ਪੀੜਤ ਨੂੰ ਵੀ ਤਿੰਨਾਂ ਨੇ ਲੱਭ ਲਿਆ ਹੈ ਪਰ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ।