ਖੰਨਾ: ਪੰਜਾਬ ਵਿੱਚ ਸਰਕਾਰਾਂ ਐਸਸੀ, ਐਸਟੀ, ਓਬੀਸੀ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਬੁਨਿਆਦੀ ਸਹੂਲਤਾਂ ਦੇਣ ਲਈ ਬਜਟ ਵਿੱਚ ਅਰਬਾਂ-ਖਰਬਾਂ ਰੁਪਏ ਦੀ ਰਾਸ਼ੀ ਰੱਖਣ ਦਾ ਦਾਅਵਾ ਕਰਦੀਆਂ ਹਨ ਪ੍ਰੰਤੂ ਦਲਿਤ ਸਮਾਜ ਦਾ ਜੀਵਨ ਪੱਧਰ ਸੁਧਾਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਉਨ੍ਹਾਂ ਨੂੰ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਸਕੀਆਂ।
ਅਜਿਹਾ ਹਾਲ ਕਿਸੇ ਆਮ ਜਾਂ ਖ਼ਾਸ ਪਿੰਡ ਦੀ ਨਹੀਂ ਹੈ ਸਗੋਂ ਉਸ ਪਿੰਡ ਦਾ ਹੈ ਜਿਸ ਨੇ ਪੰਜਾਬ ਨੂੰ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ, ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਕੈਬਿਨੇਟ ਮੰਤਰੀ ਤੇਜ ਪ੍ਰਕਾਸ਼ ਕੋਟਲੀ, 2 ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਲਖਵੀਰ ਸਿੰਘ ਲੱਖਾ ਦਿੱਤੇ। ਜੇਕਰ ਇਸ ਪਿੰਡ ਦੀ ਗੱਲ ਕਰੀਏ ਤਾਂ ਇੱਥੋਂ ਦੇ ਲੋਕ ਗੰਦੇ ਤੇ ਬੱਦਬੂਦਾਰ ਪਾਣੀ ਪੀਣ ਤੇ ਨਹਾਉਣ ਲਈ ਮਜਬੂਰ ਹਨ।
ਉੱਥੇ ਹੀ ਫੂਲੇ-ਸ਼ਾਹੂ-ਅੰਬੇਡਕਰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਵਿੱਚ ਪਿੰਡਾਂ ਅੰਦਰ ਕਾਂਗਰਸ ਵੱਲੋਂ ਕੀਤੇ ਵਿਕਾਸ ਦੇ ਦਾਅਵਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਪਿੰਡਾਂ ਵਿੱਚ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਹਨ, ਉਸ ਲੜੀ ਦੌਰਾਨ ਪਿੰਡ ਕੋਟਲੀ ਪਹੁੰਚੇ। ਇਸ ਦੌਰਾਨ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਪੰਜਾਬ ਅੰਦਰ ਵੱਡੇ-ਵੱਡੇ ਅਕਾਲੀ-ਕਾਂਗਰਸ ਲੀਡਰਾਂ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਦਲਿਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ, ਕੁੱਟਮਾਰ ਕੀਤੀ ਜਾਂਦੀ ਹੈ ਤੇ ਝੂਠੇ ਪਰਚੇ ਦਰਜ ਕਰਵਾਏ ਜਾਂਦੇ ਹਨ। ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਹੈ।
ਗੁਰਦੀਪ ਸਿੰਘ ਨੇ ਕਿਹਾ ਕਿ ਪਿੰਡ ਅੰਦਰ ਦਲਿਤਾਂ ਦੇ ਘਰਾਂ ਵਿੱਚ ਜਿਹੜਾ ਵਾਟਰ ਸਪਲਾਈ ਹੋ ਰਿਹਾ ਹੈ, ਉਹ ਬਹੁਤ ਗੰਦਾ ਹੈ, ਉਸ ਵਿੱਚ ਗੋਹਾ, ਮਿੱਟੀ ਆਦਿ ਵੱਡੀ ਮਾਤਰਾ ਵਿੱਚ ਆਉਂਦੇ ਹਨ। ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਮਜਬੂਰੀ ਵਸ ਗੰਦਾ ਪਾਣੀ ਪੀ ਰਹੇ ਹਨ ਅਤੇ ਨਹਾਉਣਾ ਵੀ ਤੇ ਉਨ੍ਹਾਂ ਦੀ ਆਰਥਿਕ ਹਾਲਤ ਇੰਨੀ ਵਧੀਆ ਨਹੀਂ ਹੈ ਕਿ ਉਹ ਆਪਣੇ ਘਰਾਂ ਵਿੱਚ ਸਮਰਸੀਬਲ ਮੋਟਰਾਂ ਲਗਵਾ ਸਕਣ। ਪਿੰਡ ਵਿੱਚ ਜਿਹੜਾ ਸਰਕਾਰੀ ਨਲਕਾ ਲੱਗਿਆ ਹੈ, ਉਹ ਵੀ ਕਾਫ਼ੀ ਲੰਬੇ ਸਮੇਂ ਤੋਂ ਖੜ੍ਹਾ ਹੈ, ਉਸ ਦੀ ਵੀ ਰਿਪੇਅਰ ਨਹੀਂ ਕਰਵਾਈ ਗਈ।
ਗੰਦੇ ਪਾਣੀ ਨਾਲ ਨਹਾਉਣ ਕਾਰਨ ਸਰੀਰ 'ਤੇ ਅਲਰਜੀ ਹੋ ਰਹੀ ਹੈ ਤੇ ਪੂਰੇ ਸਰੀਰ ਉੱਤੇ ਫੋੜੇ ਫਿਨਸੀਆਂ ਵੀ ਹੋ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਛੇਤੀ ਤੋਂ ਛੇਤੀ ਸਾਫ਼ ਸੁੱਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ ਤੇ ਪਿੰਡ ਅੰਦਰ ਹੀ ਪਾਣੀ ਦੀ ਟੈਂਕੀ ਦਾ ਪ੍ਰਬੰਧ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਉਲੀਕਣਗੇ। ਹੁਣ ਜਿਹੜੇ ਪਿੰਡ ਤੋਂ ਐਮਪੀ, ਐਮਐਲਏ ਤੇ ਹੋਰ ਵੱਡੇ-ਵੱਡੇ ਸਿਆਸੀ ਆਗੂਆਂ ਨੇ ਜਨਮ ਲਿਆ ਹੋਵੇ ਤੇ ਉੱਥੇ ਦੇ ਹੀ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੋ ਰਹੇ ਹਨ। ਵੇਖਣ ਵਾਲੀ ਗੱਲ ਤਾਂ ਇਹ ਹੈ ਕੀ ਪ੍ਰਸ਼ਾਸਨ ਇਨ੍ਹਾਂ ਦੀ ਸਾਰ ਲਵੇਗਾ ਜਾਂ ਨਹੀਂ ਜਾਂ ਫਿਰ ਇਦਾਂ ਹੀ ਗੰਦਾ ਪਾਣੀ ਪੀਣਾ ਪੈਣਾ ਪਵੇਗਾ।