ਖੰਨਾ (ਲੁਧਿਆਣਾ) :ਸ਼ੈਲਰ ਮਾਲਕਾਂ ਦੀ ਹੜਤਾਲ ਤੋਂ ਬਾਅਦ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਮਾਲ ਦੀ ਲਿਫਟਿੰਗ ਨਾ ਹੋਣ ਕਾਰਨ ਘਸਮਾਨ ਪੈ ਗਿਆ ਹੈ। ਪ੍ਰਸ਼ਾਸਨ ਅਤੇ ਸ਼ੈੱਲਰ ਮਾਲਕ ਆਮਨੇ ਸਾਮਣੇ ਹੋਏ। ਇਸੇ ਦੌਰਾਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਐਸਡੀਐਮ ਨੇ ਹੜਤਾਲ ਦੌਰਾਨ ਟਰੱਕਾਂ ਵਿੱਚ ਮਾਲ ਲੋਡ ਕਰਾਉਣਾ ਸ਼ੁਰੂ ਕਰ ਦਿੱਤਾ, ਜਿਸਦੇ ਵਿਰੋਧ ਵਿੱਚ ਸ਼ੈਲਰ ਮਾਲਕਾਂ ਨੇ ਐਲਾਨ ਕੀਤਾ ਕਿ ਉਹ ਸ਼ੈਲਰ ਵਿੱਚ ਇੱਕ ਦਾਣਾ ਵੀ ਨਹੀਂ ਉਤਾਰਨਗੇ। ਹੋਇਆ ਇੰਝ ਕਿ ਖੰਨਾ ਮੰਡੀ ਵਿੱਚ ਐੱਸਡੀਐੱਮ ਸਵਾਤੀ ਟਿਵਾਣਾ ਨੇ ਆਪਣੀ ਨਿਗਰਾਨੀ ਹੇਠ ਲਿਫਟਿੰਗ ਦਾ ਕੰਮ ਸ਼ੁਰੂ ਕਰਵਾਇਆ।
ਕੀ ਕਹਿੰਦੇ ਨੇ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ : ਕੁਝ ਦੁਕਾਨਾਂ ਤੋਂ ਟਰੱਕ ਲੱਦਣੇ ਸ਼ੁਰੂ ਹੋ ਗਏ। ਇਸ ਦੌਰਾਨ ਸ਼ੈਲਰ ਮਾਲਕ ਮਾਰਕੀਟ ਕਮੇਟੀ ਦਫ਼ਤਰ ਪੁੱਜੇ। ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਈਸ ਮਿੱਲਰਜ਼ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਨੇ ਕਿਹਾ ਕਿ ਪੰਜਾਬ ਪੱਧਰ ’ਤੇ ਹੜਤਾਲ ਕੀਤੀ ਜਾ ਰਹੀ ਹੈ। ਇਹ ਹੜਤਾਲ ਐਫਸੀਆਈ ਦੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਕੀਤੀ ਗਈ ਹੈ। ਜਦੋਂ ਤੱਕ ਐਫਆਰਕੇ ਦਾ ਮਸਲਾ ਹੱਲ ਨਹੀਂ ਹੁੰਦਾ ਉਹ ਸ਼ੈਲਰ ਵਿੱਚ ਇੱਕ ਦਾਣਾ ਵੀ ਨਹੀਂ ਲਾਉਣ ਦੇਣਗੇ। ਅੱਜ ਪ੍ਰਸ਼ਾਸਨ ਨੇ ਜ਼ਬਰਦਸਤੀ ਲਿਫਟਿੰਗ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਜਿੱਥੇ ਚਾਹੇ ਮਾਲ ਰੱਖ ਸਕਦਾ ਹੈ ਪਰ ਉਨ੍ਹਾਂ ਦੇ ਸ਼ੈਲਰਾਂ ਚ ਮਾਲ ਨਹੀਂ ਲਾਇਆ ਜਾਵੇਗਾ।