ਲੁਧਿਆਣਾ: ਪਹਿਲਾਂ ਕੋਰੋਨਾ ਮਹਾਂਮਾਰੀ ਤੇ ਫਿਰ ਮੰਦੀ ਦੀ ਮਾਰ ਅਤੇ ਹੁਣ ਰਾਤ ਦੇ ਕਰਫ਼ਿਊ ਕਰਕੇ ਪੰਜਾਬ ਦੀ ਹੋਟਲ ਇੰਡਸਟਰੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹਰ ਵਾਰ ਨਵੇਂ ਸਾਲ ਦੇ ਜਸ਼ਨ ਮੌਕੇ ਹੋਟਲ ਇੰਡਸਟਰੀ ਨੂੰ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਸਾਰੇ ਘਾਟੇ ਪੂਰੇ ਹੋ ਜਾਣਗੇ, ਪਰ ਇਸ ਸਾਲ ਰਾਤ 9.30 ਵਜੇ ਤੋਂ ਬਾਅਦ ਪੰਜਾਬ ਵਿੱਚ ਨਾਈਟ ਕਰਫ਼ਿਊ ਹੋਣ ਕਰਕੇ ਨਵੇਂ ਸਾਲ ਦੇ ਜਸ਼ਨ ਹੋਟਲਾਂ ਵਿੱਚ ਨਹੀਂ ਮਨਾਏ ਜਾਣਗੇ।
ਹੋਟਲ ਇੰਡਸਟਰੀ ਨੂੰ ਵੱਡਾ ਘਾਟਾ ਪੈਣ ਦਾ ਖਦਸ਼ਾ ਪੰਜਾਬ ਸਰਕਾਰ ਨੇ ਨਵੇਂ ਸਾਲ ਦੀ ਰਾਤ ਨਾਈਟ ਕਰਫ਼ਿਊ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਸ ਕਰ ਕੇ ਹੁਣ ਹੋਟਲ ਮਾਲਕਾਂ ਦੇ ਚਿਹਰੇ ਪੂਰੀ ਤਰ੍ਹਾਂ ਮੁਰਝਾਏ ਹੋਏ ਹਨ।
ਲੁਧਿਆਣਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਇੰਡੀਆ ਹੋਟਲ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਅਮਰਵੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੋਟਲ ਇੰਡਸਟਰੀ ਨੂੰ ਨਵੇਂ ਸਾਲ ਮੌਕੇ ਕਰੋੜਾਂ ਰੁਪਏ ਦਾ ਘਾਟਾ ਪੈਣ ਦਾ ਖਦਸ਼ਾ ਹੈ, ਉਨ੍ਹਾਂ ਕਿਹਾ ਕਿ ਉਹ ਕਈ ਵਾਰ ਇਸ ਸਬੰਧੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਚੁੱਕੇ ਹਨ ਇੱਥੋਂ ਤੱਕ ਕੇ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਹੋਟਲ ਇੰਡਸਟਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿਹਾ ਕਿ ਪਹਿਲਾਂ ਕੋਰੋਨਾ ਦੀ ਮਾਰ ਕਰਕੇ ਹੋਟਲ ਇੰਡਸਟਰੀ ਲਗਭਗ ਖ਼ਤਮ ਹੋਣ ਕੰਢੇ ਸੀ ਤੇ ਜੋ ਕੁਝ ਉਮੀਦ ਸੀ ਕਿ ਨਵੇਂ ਸਾਲ ਮੌਕੇ ਉਨ੍ਹਾਂ ਨੂੰ ਕੁਝ ਕਮਾਈ ਹੋ ਜਾਵੇਗੀ ਪਰ ਪੰਜਾਬ ਸਰਕਾਰ ਦੇ ਹੁਕਮਾਂ ਕਰਕੇ ਨਾਰਾਸ਼ ਹੋਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਬਾਰ ਰੈਸਟੋਰੈਂਟ ਜ਼ਿਆਦਾਤਰ ਕਿਰਾਏ 'ਤੇ ਹਨ ਅਤੇ ਉਹ ਸਭ ਛੱਡ ਰਹੇ ਹਨ ਤੇ ਕਈ ਹੋਟਲ ਵਿੱਕ ਚੁੱਕੇ ਹਨ ਪਰ ਸਰਕਾਰ ਵੱਲੋਂ ਨਾ ਤਾਂ ਇਸ ਇੰਡਸਟਰੀ ਵੱਲ ਕੋਈ ਧਿਆਨ ਦੇ ਰਹੀ ਹੈ ਅਤੇ ਨਾ ਹੀ ਕੋਈ ਰਾਹਤ।