ਲੁਧਿਆਣਾ :ਮਸ਼ਹੂਰ ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਦੇ ਸਾਥੀ ਲੱਕੀ ਸੰਧੂ ਨੂੰ ਪੁਲਿਸ ਨੇ ਹਨੀ ਟ੍ਰੈਪ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਜ ਉਸ ਨੂੰ ਲੁਧਿਆਣਾ ਦੀ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ 'ਤੇ ਸਾਹਨੇਵਾਲ ਪੁਲਿਸ ਵਲੋਂ ਵੀ ਆਰਮਜ਼ ਐਕਟ ਤਹਿਤ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ। ਜਦਕਿ ਜਸਨੀਤ ਕੌਰ ਨੂੰ ਪਹਿਲਾਂ ਮਾਡਲ ਟਾਊਨ ਲੁਧਿਆਣਾ ਪੁਲਿਸ ਨੇ ਵਪਾਰੀ ਵੱਲੋਂ ਦਿੱਤੀ ਗਈ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀੜਤ ਨੇ ਦੱਸਿਆ ਕਿ ਲੱਕੀ ਸੰਧੂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਮਾਮਲੇ 'ਚ ਪੁਲਿਸ ਨੂੰ ਕਈ ਦਿਨਾਂ ਤੋਂ ਲੱਕੀ ਸੰਧੂ ਦੀ ਭਾਲ ਸੀ, ਆਖਿਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸਾਰਾ ਮਾਮਲਾ ਸੀਆਈਏ ਸਟਾਫ ਨੂੰ ਸੌਂਪ ਦਿੱਤਾ ਗਿਆ ਹੈ। ਅੱਜ ਲੱਕੀ ਸੰਧੂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਨੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਮੁਲਜ਼ਮ ਦੇ ਯੂਥ ਕਾਂਗਰਸ ਪਾਰਟੀ ਦੇ ਨਾਲ ਵੀ ਸਬੰਧ :ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਕਾਫੀ ਲੰਮੇ ਸਮੇਂ ਤੋਂ ਲੱਕੀ ਸੰਧੂ ਫਰਾਰ ਚੱਲ ਰਿਹਾ ਸੀ, ਪੀੜਿਤ ਪੱਖ ਦੇ ਵਕੀਲ ਨੇ ਦੱਸਿਆ ਹੈ ਕਿ ਅਦਾਲਤ ਵਿੱਚ ਇਹ ਗੱਲ ਸਾਫ਼ ਹੈ ਕਿ ਮੁਲਜ਼ਮ ਦੇ ਯੂਥ ਕਾਂਗਰਸ ਪਾਰਟੀ ਦੇ ਨਾਲ ਵੀ ਸਬੰਧ ਰਹੇ ਹਨ। ਵਕੀਲ ਨੇ ਦੱਸਿਆ ਹੈ ਕਿ ਉਸ ਦੇ ਕੋਲੋਂ ਕੋਈ ਅਸਲਾ ਵੀ ਬਰਾਮਦ ਹੋਇਆ ਹੈ ਉਨ੍ਹਾਂ ਦੱਸਿਆ ਕਿ ਮਹਿਲਾ ਇਹ ਕੰਮ ਕਰ ਨਹੀਂ ਸਕਦੀ ਉਸ ਦੇ ਹੋਰ ਵੀ ਸਾਥੀ ਹਨ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ।