ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਮਿਲੀ ਕਲੀਨ ਚਿੱਟ, ਸੇਵਾ ਮੁਕਤ ਜੱਜ ਵੱਲੋਂ ਕੀਤੀ ਗਈ ਸੀ ਜਾਂਚ ਲੁਧਿਆਣਾ: ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਗਿਆਨੀ ਰਣਜੀਤ ਸਿੰਘ ਮਸਕੀਨ ਲੁਧਿਆਣਾ ਪਹੁੰਚੇ। ਲੁਧਿਆਣਾ ਵਿੱਚ ਉੱਘੇ ਸਮਾਜ ਸੇਵੀ ਜਸਵੰਤ ਸਿੰਘ ਸਭਾ ਅਤੇ ਰਿਟਾਇਰਡ ਆਈਪੀਐਸ ਇਕਬਾਲ ਸਿੰਘ ਢਿੱਲੋਂ ਅਤੇ ਡਾਕਟਰ ਇੰਦਰਜੀਤ ਸਿੰਘ ਵੱਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਸਿਰਪਾਓ ਭੇਟ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਸਭ ਤੋਂ ਪਹਿਲਾਂ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਕੀ ਉਨ੍ਹਾਂ ਦੀ ਓਟ ਆਸਰੇ ਵਿੱਚ ਉਹ ਨਿਰਦੋਸ਼ ਸਾਬਤ ਹੋਏ ਹਨ।
ਜਾਂਚ ਮਗਰੋਂ ਕਲੀਨ ਚਿੱਟ: ਗਿਆਨੀ ਰਣਜੀਤ ਸਿੰਘ ਮਸਕੀਨ ਨੇ ਕਿਹਾ ਕਿ ਉਹਨਾਂ ਉੱਪਰ ਸਾਜਿਸ਼ ਤਹਿਤ ਗਲਤ ਇਲਜ਼ਾਮ ਲਗਾਏ ਗਏ ਸਨ ਅਤੇ ਉਨ੍ਹਾਂ ਇਲਜ਼ਾਮਾਂ ਦੀ ਜਾਂਚ ਬਣਾਈ ਗਈ ਕਮੇਟੀ ਵੱਲੋਂ ਕੀਤੀ ਗਈ। ਜਾਂਚ ਕਮੇਟੀ ਦੀ ਅਗਵਾਈ ਰਿਟਾਇਡ ਜੱਜ ਵੱਲੋਂ ਕੀਤੀ ਗਈ । ਉਨ੍ਹਾਂ ਨੇ ਦੱਸਿਆ ਕਿ 8 ਮਹੀਨੇ ਵਿੱਚ 14 ਵਾਰ ਉਨ੍ਹਾਂ ਨੂੰ ਬੁਲਾਇਆ ਗਿਆ ਅਤੇ ਜਾਂਚ ਤੋਂ ਬਾਅਦ ਉਹਨਾਂ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ ਹੈ । ਜਿੱਥੇ ਉਨ੍ਹਾਂ ਨੇ ਸਤਿਗੁਰ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ 166 ਪੇਜ ਦੀ ਰਿਪੋਰਟ ਹੈ ਅਤੇ 12 ਪੇਜ ਦਾ ਨਤੀਜਾ ਕੱਢਿਆ ਗਿਆ ਹੈ । ਗਿਆਨੀ ਰਣਜੀਤ ਸਿੰਘ ਮਸਕੀਨ ਦੀਆਂ ਸੇਵਾਵਾਂ ਮੁੜ ਤੋਂ ਬਹਾਲ ਕਰ ਦਿੱਤੀਆਂ ਗਈਆਂ ਹਨ।
ਅੰਮ੍ਰਿਤਪਾਲ ਮਾਮਲੇ ਵਿੱਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਉੱਤੇ ਨਾਜਾਇਜ਼ ਮਾਮਲੇ ਦਰਜ ਕੀਤੇ ਗਏ ਹਨ ਉਨਾਂ ਤੋਂ ਧਰਾਵਾਂ ਜਲਦ ਹਟਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਅਤੇ ਵਿਦੇਸ਼ ਜਾ ਰਹੀ ਨੌਜਵਾਨ ਪੀੜ੍ਹੀ ਉੱਤੇ ਚਿੰਤਾ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਘੱਟ ਹੈ ਨਾਲ ਹੀ ਧਾਰਮਿਕ ਮਾਮਲਿਆਂ ਵਿੱਚ ਵੱਧ ਰਹੀ ਸਿਆਸੀ ਦਖ਼ਲਅੰਦਾਜ਼ੀ ਉੱਤੇ ਵੀ ਉਨ੍ਹਾਂ ਨੇ ਚਿੰਤਾ ਜ਼ਾਹਿਰ ਕੀਤੀ। ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਵੱਲੋਂ ਉਨ੍ਹਾਂ ਉੱਤੇ ਇਲਜ਼ਾਮ ਲਗਾਏ ਗਏ ਸਨ ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਹਨ। ਉਹ ਸੇਵਾ ਭਾਵਨਾ ਨਾਲ ਹੀ ਇਸ ਅਹੁਦੇ ਉੱਤੇ ਬਿਰਾਜਮਾਨ ਹੋਏ ਸਨ। ਉਨ੍ਹਾਂ ਕਿਹਾ ਕਿ ਅਕਸ ਖਰਾਬ ਕਰਨ ਲਈ ਇਹ ਸਾਜਿਸ਼ ਰਚੀ ਗਈ ਜਿਸ ਦੀ ਉਹ ਡੂੰਘਾਈ ਦੇ ਨਾਲ ਜਾਂਚ ਕਰਵਾਉਣਗੇ ਕਿਉਂਕਿ ਇਹ ਸਿਰਫ ਉਨ੍ਹਾ ਦੀ ਹੀ ਨਹੀਂ ਇਸ ਅਹੁਦੇ ਦੀ ਵੀ ਤੋਹੀਨ ਸੀ।
ਇਹ ਸੀ ਮਾਮਲਾ: ਦਰਅਸਲ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ 'ਤੇ ਗੁਰੂ ਘਰ ਦੇ ਪ੍ਰੇਮੀ ਡਾ, ਗੁਰਵਿੰਦਰ ਸਿੰਘ ਸਮਰਾ ਵੱਲੋਂ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਭੇਟ ਕੀਤੇ ਗਏ ਕੀਮਤੀ ਸਮਾਨ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਾਏ ਗਏ ਹਨ। ਉਨ੍ਹਾਂ ਨੇ ਪੰਜ ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜਿਸ ਵਿੱਚ ਸੋਨੇ ਦੀ ਕਲਗੀ ਅਤੇ ਪੰਗੁੜਾ ਸਾਹਿਬ ਦਾਨ ਕੀਤਾ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਕੀਤੇ ਗਏ। ਦਾਨੀ ਨੇ ਇਸ ਲਈ ਸਿੱਧੇ ਤੌਰ 'ਤੇ ਜਥੇਦਾਰ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਜਥੇਦਾਰ ਨੂੰ ਅਹੁਦੇ ਨੂੰ ਹਟਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:ਨਾਜਾਇਜ਼ ਸਬੰਧਾਂ ਦੇ ਚੱਲਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ, ਪੁਲਿਸ ਨੇ 8 ਖ਼ਿਲਾਫ਼ ਕਤਲ ਦਾ ਮਾਮਲਾ ਕੀਤਾ ਦਰਜ