ਕਿਲਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਨੂੰ ਮਿਲੀ ਪ੍ਰਵਾਨਗੀ - ਪੰਜਾਬ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਕਿਲਾ ਰਾਏਪੁਰ ਦਿਹਾਤੀ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਸਾਲਾਨਾ ਰਿਵਾਇਤੀ ਦੌੜਾਂ ਮੁੜ ਸ਼ੁਰੂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਸਾਲ 2014 ਵਿੱਚ ਪਾਬੰਦੀ ਲਗਾਈ ਸੀ। ਮੰਤਰੀ ਮੰਡਲ ਨੇ ਵਿਧਾਨ ਸਭਾ ਦੇ ਮੌਜੂਦਾ ਬਜਟ ਸਮਾਗਮ ਦੌਰਾਨ 'ਪ੍ਰਿਵੈਨਸ਼ਨ ਆਫ਼ ਕਰੂਐਲਿਟੀ ਟੂ ਐਨੀਮਲਜ਼ (ਪੰਜਾਬ ਅਮੈਂਡਮੈਂਟ), 2019 ਨੂੰ ਕਾਨੂੰਨ ਬਣਾਉਣ ਵਾਸਤੇ ਪੇਸ਼ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।
ਸੁਪਰੀਮ ਕੋਰਟ ਵਲੋਂ ਇਸ 'ਤੇ ਰੋਕ ਤੋਂ ਬਾਅਦ ਰਾਜਪਾਲ, ਮੁੱਖ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਨੂੰ ਵੱਖ-ਵੱਖ ਲੋਕਾਂ ਨੇ ਮਿਲ ਕੇ ਬੈਲਗੱਡੀਆਂ ਦੀਆਂ ਦੌੜਾਂ ਨੂੰ ਸ਼ੁਰੂ ਕਰਨ ਵਾਸਤੇ ਆਪਣੀ ਪੇਸ਼ਕਾਰੀ ਕੀਤੀ। ਸੂਬਾ ਮੰਤਰੀ ਮੰਡਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਹੋਈ ਆਪਣੀ ਮੀਟਿੰਗ ਦੌਰਾਨ ਇਸ ਉੱਤੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਲਾ ਰਾਏਪੁਰ ਖੇਡਾਂ ਨੂੰ ਕਾਨੂੰਨੀ ਤੌਰ 'ਤੇ ਆਗਿਆ ਦੇਣ ਲਈ ਕਾਨੂੰਨ ਬਣਾਏ ਜਾਣ ਦੇ ਹੱਕ ਵਿੱਚ ਰਾਇ ਦਿੱਤੀ ਸੀ। ਇਨ੍ਹਾਂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਸ਼ੂ ਸ਼ਮੂਲੀਅਤ ਕਰਦੇ ਹਨ।
ਜ਼ਿਕਰਯੋਗ ਹੈ ਕਿ 'ਪ੍ਰਿਵੈਨਸ਼ਨ ਆਫ਼ ਕਰੂਐਲਿਟੀ ਟੂ ਐਨੀਮਲਜ਼ ਐਕਟ, 1960 (ਸੈਂਟਰਲ ਐਕਟ 59 ਆਫ਼ 1960) ਪਸ਼ੂਆਂ 'ਤੇ ਗੈਰਜ਼ਰੂਰੀ ਅਤਿੱਆਚਾਰ ਨੂੰ ਰੋਕਣ ਲਈ ਬਣਾਇਆ ਗਿਆ ਸੀ। ਇਸ ਐਕਟ ਵਿੱਚ ਵਿਸ਼ੇਸ਼ ਹਾਲਤਾਂ 'ਚ ਇਸ ਦੀਆਂ ਵਿਵਸਥਾਵਾਂ ਨੂੰ ਅਮਲ ਵਿੱਚ ਲਿਆਉਣ ਤੋਂ ਛੋਟ ਦੇਣ ਦੀ ਜ਼ਰੂਰਤ ਨੂੰ ਵੀ ਮਾਨਤਾ ਦਿੱਤੀ ਗਈ ਸੀ।