ਲੁਧਿਆਣਾ: ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੂੰ ਪੰਜਾਬ ਵਿੱਚ ਨਾਜਾਇਜ ਅਸਲਾ ਸਪਲਾਈ ਕਰਨ ਦੇ ਦੋਸ਼ ਹੇਠ ਕਾਬੂ ਕੀਤਾ। ਇਹ ਸਪਲਾਇਰ ਘਰ 'ਚ ਹੀ ਨਜਾਇਜ਼ ਹਥਿਆਰ ਬਣਾਉਂਦਾ ਸੀ। ਉਸ ਦੇ ਚਾਰ ਲੁਟੇਰੇ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਨਾਜਾਇਜ਼ ਹਥਿਆਰਾਂ ਦੇ ਜ਼ੋਰ 'ਤੇ ਕਈ ਸੂਬਿਆਂ 'ਚ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਦੇ ਕਬਜ਼ੇ 'ਚੋਂ 5 ਪਿਸਤੌਲ, 10 ਮੈਗਜ਼ੀਨ ਅਤੇ ਲੁੱਟੀ ਗਈ ਕਾਰ ਬਰਾਮਦ ਹੋਈ।
ਗੁਪਤ ਸੂਚਨਾ 'ਤੇ ਕਾਰਵਾਈ: ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਜ਼ੈਦਪੁਰਾ ਥਾਣਾ ਲਕਸ਼ਮਣਗੜ੍ਹ ਜ਼ਿਲ੍ਹਾ ਸੀਕਰ (ਰਾਜਸਥਾਨ), ਗੌਤਮ ਸ਼ਰਮਾ ਵਾਸੀ ਇਸਲਾਮਗੰਜ ਜਲੰਧਰ, ਰਜਿੰਦਰ ਮੀਨਾ ਵਾਸੀ ਭਾਵਕਾ ਗੁੱਡਾ ਜ਼ਿਲ੍ਹਾ ਭੀਲਵਾੜਾ (ਰਾਜਸਥਾਨ), ਸਰਦਾਰ ਗੁੱਜਰ ਵਾਸੀ ਜ਼ਿਲ੍ਹਾ ਜੈਪੁਰ (ਰਾਜਸਥਾਨ) ਅਤੇ ਤਕਦੀਰ ਸਿੰਘ ਵਾਸੀ ਸਿੰਘਨੂਰ ਥਾਣਾ ਗੋਆਵਾਂ ਜ਼ਿਲ੍ਹਾ ਖਰਗੋਨ (ਮੱਧ ਪ੍ਰਦੇਸ਼) ਵਜੋਂ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਅਮਲੋਹ ਚੌਕ ਨੇੜੇ ਮੌਜੂਦ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਗੌਤਮ ਸ਼ਰਮਾ ਉਰਫ਼ ਗੋਰੂ, ਰਜਿੰਦਰ ਮੀਨਾ, ਸੁਰੇਸ਼ ਕੁਮਾਰ ਅਤੇ ਸਰਦਾਰ ਗੁੱਜਰ ਪੰਜਾਬ ਅਤੇ ਹੋਰ ਕਈ ਰਾਜਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ। ਇਹ ਮੁਲਜ਼ਮ ਲੁੱਟੀ ਹੋਈ ਰਾਜਸਥਾਨ ਨੰਬਰ ਦੀ ਈਟੀਓਸ ਕਾਰ ਵਿੱਚ ਰਾਜਸਥਾਨ ਤੋਂ ਜਲੰਧਰ ਆ ਰਹੇ ਹਨ। ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਵੀ ਹਨ ਅਤੇ ਇਹ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹਨ।