ਲੁਧਿਆਣਾ:ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਪੰਜਾਬ ਸਿਰ ਕਰਜ਼ਾ ਉਤਾਰਨ ਦੇ ਵਿਚ ਉਹ ਵੱਡੀ ਭੂਮਿਕਾ ਅਦਾ ਕਰਨਗੇ ਜਿਸ ਸਬੰਧੀ ਉਨ੍ਹਾਂ ਵੱਲੋਂ ਡਾਟਾ ਵੀ ਤਿਆਰ ਕਰ ਲਿਆ ਗਿਆ ਹੈ ਅਤੇ ਕਿਹਾ ਸੀ ਕਿ ਸ਼ਰਾਬ ਦੀ ਨੀਤੀ ਅਤੇ ਰੇਤ-ਬਜਰੀ ਚੋਂ 40 ਹਜ਼ਾਰ ਕਰੋੜ ਰੁਪਏ ਸਰਕਾਰ ਹਾਸਿਲ ਕਰ ਲਵੇਗੀ, ਪਰ ਸਰਕਾਰ ਦੀਆਂ ਇਨ੍ਹਾਂ ਦੋਹਾਂ ਨੀਤੀਆਂ ਉੱਤੇ ਅਦਾਲਤ ਦੀ ਤਲਵਾਰ ਲਟਕ ਰਹੀ ਹੈ ਅਤੇ ਨਾਲ ਹੀ, ਪੰਜਾਬ ਦੇ ਸਿਰ ਉੱਤੇ ਕਰਜ਼ਾ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇੱਕ ਸਾਲ ਵਿੱਚ ਹੀ 36 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਹੈ।
ਪੰਜਾਬ 'ਤੇ ਕਿੰਨਾ ਕਰਜ਼ਾ : ਪੰਜਾਬ ਦੇ ਸਿਰ ਮੌਜੂਦਾ ਹਾਲਾਤਾਂ ਵਿੱਚ ਕਰਜ਼ਾ 3 ਲੱਖ ਕਰੋੜ ਤੋਂ ਉਪਰ ਹੈ। ਅਕਾਲੀ ਦਲ ਦੀ ਸਰਕਾਰ ਵੇਲ੍ਹੇ ਇੱਕ ਲੱਖ 75 ਹਜ਼ਾਰ ਕਰੋੜ ਦਾ ਕਰਜ਼ਾ ਸਰਕਾਰ ਦੇ ਸਿਰ ਸੀ। ਕਾਂਗਰਸ ਦੀ ਸਰਕਾਰ ਵੇਲ੍ਹੇ ਇਹ ਕਰਜ਼ਾ 2 ਲੱਖ, 75 ਹਜ਼ਾਰ ਕਰੋੜ ਦੇ ਕਰੀਬ ਹੋ ਗਿਆ। ਪੰਜਾਬ ਕਾਂਗਰਸ ਵੱਲੋਂ ਪੰਜ ਸਾਲਾਂ ਵਿੱਚ ਲਗਭਗ 1 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਸਾਲ ਵਿੱਚ ਹੀ ਲਗਭਗ 36 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਗਿਆ ਹੈ ਜਿਸ ਕਰਕੇ ਇਸ ਕਰਜ਼ੇ ਦੀ ਰਕਮ 3 ਲੱਖ ਕਰੋੜ ਤੋਂ ਪਾਰ ਹੋ ਗਈ ਹੈ। ਇਸ ਨੂੰ ਮੋੜਨਾ, ਹੁਣ ਸਰਕਾਰ ਦੇ ਹੱਥ ਤੋਂ ਬਾਹਰ ਚਲਾ ਗਿਆ ਹੈ।
ਵਿਰੋਧੀਆਂ ਨੇ ਚੁੱਕੇ ਸਵਾਲ:ਪੰਜਾਬ ਸਰਕਾਰ ਉੱਤੇ ਚੜ੍ਹ ਰਹੇ ਕਰਜ਼ੇ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਨੇ ਕਿਹਾ ਹੈ ਕਿ ਇੱਕ ਸਾਲ ਦੇ ਵਿੱਚ ਆਮ ਤੌਰ ਉੱਤੇ ਸਰਕਾਰ 15 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਰ ਲੈਂਦੀ ਸੀ ਅਤੇ ਹੁਣ ਲੋਕਾਂ ਨਾਲ ਕੀਤੇ ਲੁਭਾਵਣੇ ਵਾਅਦੇ ਪੂਰੇ ਕਰਨ ਲਈ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਪੂਰੀਆਂ ਕਰਨ ਲਈ ਸਰਕਾਰ ਵੱਲੋਂ ਇਕ ਸਾਲ ਅੰਦਰ 36 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਗਿਆ ਹੈ। 5 ਸਾਲ ਦੇ ਵਿਚ ਇਹ ਕਰਜ਼ਾ ਦੋ ਲੱਖ ਕਰੋੜ ਹੋਰ ਵਧ ਜਾਵੇਗਾ ਅਤੇ ਪੰਜਾਬ ਦੇ ਕੁੱਲ ਕਰਜ਼ਾ ਪੰਜ ਲੱਖ ਕਰੋੜ ਹੋ ਜਾਵੇਗਾ ਜਿਸ ਨਾਲ ਪੰਜਾਬ ਦੀ ਆਰਥਿਕ ਐਮਰਜੈਂਸੀ ਪੈਦਾ ਹੋ ਸਕਦੀ ਹੈ।
ਹਾਲਾਂਕਿ ਬੀਤੇ ਦਿਨੀਂ ਆਪ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਮੋੜੀਆਂ ਗਈਆਂ ਹਨ ਅਤੇ ਕਰਜ਼ਾ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਨੂੰ ਲੈ ਕੇ ਅਕਾਲੀ ਦਲ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਹ ਮਜ਼ਬੂਰੀਵੱਸ ਸਰਕਾਰ ਨੂੰ ਕਿਸ਼ਤਾਂ ਦੇਣੀਆਂ ਪੈ ਰਹੀਆਂ ਹਨ, ਕਿਉਂਕਿ ਇਹ ਨਵਾਂ ਕਰਜ਼ਾ ਲੈਣ ਲਈ ਪੁਰਾਣੀਆ ਕਿਸ਼ਤਾਂ ਦੇਣੀਆਂ ਲਾਜ਼ਮੀ ਹਨ।