ਲੁਧਿਆਣਾ :ਅੱਜ ਵਿਸ਼ਵ ਭਰ ਵਿੱਚ ਖਾਲਸਾ ਦੇ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਵਿਸਾਖੀ ਦਾ ਦਿਹਾੜਾ ਕਿਸਾਨਾਂ ਦੀ ਕਣਕ ਦੀ ਵਾਢੀ ਤੋਂ ਬਾਅਦ ਇੱਕ ਵੱਡੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ, ਪਰ ਇਸ ਵਾਰ ਕਿਸਾਨਾਂ ਦੇ ਚਿਹਰੇ ਮੁਰਝਾ ਹੋਏ ਹਨ। ਵਿਸਾਖੀ 'ਤੇ ਵੀ ਕਿਸਾਨ ਖੁਸ਼ ਨਹੀਂ ਹਨ। ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ, ਸਰਕਾਰ ਦੀ ਨੀਅਤ ਠੀਕ ਨਹੀਂ। ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਸਰਕਾਰ ਕੰਨੀ ਕਤਰਾ ਰਹੀ ਹੈ, ਜਿਸ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਨੂੰ ਪਹਿਲਾਂ ਹੀ ਇਹ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਜੇਕਰ ਉਹ ਕਿਸੇ ਦੇ ਖੇਤ ਦੀ ਗਿਰਦਾਵਰੀ ਲਈ ਜਾਂਦੇ ਹਨ ਤਾਂ ਉਸ ਨੂੰ 33 ਫੀਸਦੀ ਤੋਂ ਵੱਧ ਦਾ ਨੁਕਸਾਨ ਨਾ ਦਿਖਾਇਆ ਜਾਵੇ, ਅਜਿਹੇ 'ਚ ਉਸ ਨੂੰ ਮੁਆਵਜ਼ਾ ਨਹੀਂ ਦੇਣਾ ਪਵੇਗਾ।
ਇਸ ਵਾਰ ਕਿਸਾਨ ਮੰਦੀ ਦੇ ਦੌਰ ਵਿੱਚ :ਲੁਧਿਆਣਾ ਦੇ ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ ਸਾਲਾਂ ਤੋਂ ਉਤਸ਼ਾਹ ਨਾਲ ਵਿਸਾਖੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ, ਪਰ ਇਸ ਸਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਖਾਲਸੇ ਦਾ ਸਾਜਨਾ ਦਿਵਸ ਹੈ, ਇਸ ਵਾਰ ਕਿਸਾਨ ਦੀ ਜੇਬ੍ਹ ਵਿੱਚ ਵਿਸਾਖੀ ਮੌਕੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ 33 ਤੋਂ 75 ਫੀਸਦੀ ਤੱਕ ਦੇ ਨੁਕਸਾਨ ਵਾਲੇ ਕਿਸਾਨਾਂ ਨੂੰ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ, ਜਦਕਿ 75 ਫੀਸਦੀ ਤੋਂ ਵੱਧ ਨੁਕਸਾਨ ਵਾਲੇ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਜੋ ਕਿ ਘੱਟ ਦਿਖਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਾਰ ਕਿਸਾਨ ਮੰਦੀ ਦੇ ਦੌਰ ਵਿੱਚ ਹੈ, ਉਸ ਨੂੰ ਨਾ ਤਾਂ ਕੇਂਦਰ ਸਰਕਾਰ ਵੱਲੋਂ ਕਣਕ ਦੀ ਫਸਲ ’ਤੇ ਕੋਈ ਬੋਨਸ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਖਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ।