ਉਦਯੋਗਪਤੀ ਪਰਦੂਮਣ ਸਿੰਘ ਸਾਥੀਆਂ ਸਮੇਤ ਆਪ 'ਚ ਸ਼ਾਮਲ ਖੰਨਾ/ਲੁਧਿਆਣਾ: ਖੰਨਾ 'ਚ ਕਈ ਅਕਾਲੀ ਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਆਪ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਇਹਨਾਂ ਦਾ ਪਾਰਟੀ 'ਚ ਸਵਾਗਤ ਕੀਤਾ। ਕਾਬਿਲੇਗੌਰ ਹੈ ਕਿ 7 ਸਾਲ ਤੋਂ ਅਕਾਲੀ ਦਲ ਦੇ ਨਾਲ ਚੱਲਣ ਵਾਲੇ ਉਦਯੋਗਪਤੀ ਪਰਦੂਮਣ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਆਪ ਦਾ ਪੱਲਾ ਫੜਿਆ। ਇਸ ਦੇ ਨਾਲ ਹੀ ਅਕਾਲੀ ਦਲ ਦੇ ਨਗਰ ਕੌਂਸਲ ਤੋਂ ਪ੍ਰਧਾਨ ਰਹਿ ਚੁੱਕੇ ਹਰਵੀਰ ਸਿੰਘ ਸੋਨੂੰ ਤੇ ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸਰਪੰਚ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਆਪ 'ਚ ਸ਼ਾਮਲ ਹੋਏ। (Akali and Congress Leader join AAP)
ਪਾਰਟੀ 'ਚ ਆਗੂਆਂ ਨੂੰ ਮਿਲੇਗਾ ਬਣਦਾ ਸਨਮਾਨ:ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨਾਲ ਸਬੰਧਤ ਕਈ ਆਗੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਜਿਸ ਨਾਲ ਪਾਰਟੀ ਮਜ਼ਬੂਤ ਹੋਵੇਗੀ। ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੋ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦੇ ਰਹੀ ਹੈ। ਯੋਗਤਾ ਤੇ ਮਿਹਨਤ ਦੇ ਆਧਾਰ 'ਤੇ ਅਹੁਦੇ ਵੰਡੇ ਜਾ ਰਹੇ ਹਨ। ਬਾਕੀਆਂ ਪਾਰਟੀਆਂ ਦੀ ਤਰ੍ਹਾਂ 'ਆਪ' 'ਚ ਭਾਈ ਭਤੀਜਾਵਾਦ ਨਹੀਂ ਹੈ।
ਲੋਕ ਭਲਾਈ ਦੇ ਕੰਮਾਂ ਨੂੰ ਦੇਖ ਸ਼ਾਮਲ ਹੋ ਰਹੇ ਆਗੂ:ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਦਾ ਕਹਿਣਾ ਕਿ ਇਸ ਤੋਂ ਇਲਾਵਾ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਪੰਜਾਬ ਦੀ ਭਲਾਈ ਲਈ ਕੰਮ ਕੀਤੇ ਗਏ ਹਨ ਉਹਨਾਂ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਆਪ 'ਚ ਸ਼ਾਮਲ ਹੋ ਰਹੇ ਹਨ। ਇਸ ਦੇ ਨਾਲ ਹੀ ਵਿਧਾਇਕ ਸੌਂਧ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਹ ਹਮੇਸ਼ਾਂ ਵਚਨਬੱਧ ਰਹਿਣਗੇ ਅਤੇ ਸ਼ਹਿਰਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਇਹਨਾਂ ਪਾਰਟੀਆਂ ਨੇ ਹਮੇਸ਼ਾਂ ਆਪਣੇ ਆਗੂਆਂ ਤੇ ਵਰਕਰਾਂ ਨੂੰ ਨਿੱਜੀ ਸੁਆਰਥ ਲਈ ਵਰਤਿਆ ਹੈ।
ਮੁੱਖ ਮੰਤਰੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਪਾਰਟੀ 'ਚ ਹੋਏ ਸ਼ਾਮਲ: ਉਥੇ ਹੀ, ਦੂਜੇ ਪਾਸੇ ਅਕਾਲੀ ਦਲ ਛੱਡਣ ਵਾਲੇ ਪਰਦੂਮਣ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਭਗਵੰਤ ਮਾਨ ਦੀ ਕਾਰਜਸ਼ੈਲੀ ਅਤੇ ਹਲਕਾ ਖੰਨਾ ਅੰਦਰ ਵਿਧਾਇਕ ਸੌਂਧ ਦੀ ਸੋਚ ਸਦਕਾ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਉਹ 7 ਸਾਲਾਂ ਤੋਂ ਅਕਾਲੀ ਦਲ ਦੇ ਨਾਲ ਸੀ ਪਰ ਹੁਣ ਸੂਬੇ ਅੰਦਰ ਬਦਲਾਅ ਦੇਖ ਕੇ ਆਪ 'ਚ ਆਏ ਹਨ ਅਤੇ ਉਮੀਦ ਹੈ ਕਿ ਆਪ ਪਾਰਟੀ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਕਰੇਗੀ ਅਤੇ ਉਹ ਪਾਰਟੀ ਦਾ ਸਾਥ ਦੇਣਗੇ। ਇਸ ਦੇ ਨਾਲ ਹੀ ਬਾਕੀ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਆਪ ਚ ਆਏ ਹਨ।