ਪੰਜ ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਲੁਧਿਆਣਾ: ਨਸ਼ੇ ਦੇ ਖਿਲਾਫ ਐਸਟੀਐਫ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਰੇਂਜ ਨੂੰ ਇਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਹੈਰੋਇਨ ਦੇ ਤਸਕਰਾਂ ਨੂੰ ਪੰਜ ਕਿਲੋ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਮੁਲਜ਼ਮਾਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ ਕੈਸਾ ਅਤੇ ਜਗਰੂਪ ਸਿੰਘ ਉਰਫ ਰੂਪ ਵਜੋਂ ਹੋਈ ਹੈ। ਇਹ ਦੋਵੇਂ ਹੀ ਮੁਲਜਮ ਜਲੰਧਰ ਦੇ ਰਹਿਣ ਵਾਲੇਦੱਸੇ ਜਾ ਰਹੇ ਹਨ ਅਤੇ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਸਨ।
ਮੁਲਜ਼ਮਾਂ ਤੋਂ ਪੰਜ ਕਿਲੋ ਹੈਰੋਇਨ ਬਰਾਮਦ: ਐਸਟੀਐਫ ਅਧਿਕਾਰੀ ਅਨੁਸਾਰ ਮੁਲਜ਼ਮ ਹੈਰੋਇਨ ਦੀ ਸਪਲਾਈ ਲਈ ਨੂਰ ਮਹਿਲ ਤੋਂ ਜਲੰਧਰ ਸਾਈਡ ਜਾ ਸਨ ਤਾਂ ਗੁਪਤ ਸੂਚਨਾ ਦੇ ਅਧਾਰ 'ਤੇ ਮਿਲੀ ਜਾਣਕਾਰੀ ਤੋਂ ਬਾਅਦ ਜਦੋਂ ਰਸਤੇ ਦੇ ਵਿੱਚ ਐਸਟੀਐਫ ਵਲੋਂ ਨਾਕਾਬੰਦੀ ਕਰਕੇ ਮੁਲਜ਼ਮਾਂ ਤੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਪੰਜ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਐਸਟੀਐਫ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਵਿੱਚ 4 ਕਿੱਲੋ 520 ਗ੍ਰਾਮ ਹੈਰੋਇਨ ਬਰਾਮਦ ਹੋਈ ਜਦੋਂ ਕਿ ਉਹਨਾਂ ਨੇ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸਦੇ ਖੁਦ ਦੇ ਕੋਲੋਂ ਵੀ 480 ਗ੍ਰਾਮ ਹੈਰੋਇਨ ਬਰਾਮਦ ਹੋਈ।
ਪਹਿਲਾਂ ਵੀ ਮੁਲਜ਼ਮਾਂ ਤੋਂ ਮਿਲ ਚੁੱਕੀ ਹੈਰੋਇਨ:ਐਸਟੀਐਫ ਦੇ ਸੀਨੀਅਰ ਅਫਸਰ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਵੀ ਮੁਲਜ਼ਮ ਦੇ ਖਿਲਾਫ ਨਸ਼ੇ ਦੀ ਤਸਕਰੀ ਦਾ ਮਾਮਲਾ ਦਰਜ ਹੈ ਅਤੇ ਇਸ ਕੋਲੋਂ ਚਾਰ ਕਿਲੋ ਹੈਰੋਇਨ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਦੇ ਤਹਿਤ ਬਰਾਮਦ ਕੀਤੀ ਗਈ ਸੀ। ਇਹ ਮੁਲਜ਼ਮ ਅਗਸਤ 2023 ਦੇ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਬਾਰਡਰ ਦੇ ਇਲਾਕੇ ਤੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਦੇ ਸਨ। ਇਹ ਦੋਵੇਂ ਮੁਲਜ਼ਮ ਗਰੀਬ ਪਿਛੋਕੜ ਦੇ ਹੋਣ ਕਰਕੇ ਜਲਦ ਅਮੀਰ ਹੋਣ ਦੇ ਲਾਲਚ ਦੇ ਵਿੱਚ ਇਹ ਧੰਦਾ ਕਰ ਰਹੇ ਸਨ।
ਪੁਲਿਸ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ:ਇਸ ਦੇ ਨਾਲ ਹੀ ਐਸਟੀਐਫ ਦੇ ਸੀਨੀਅਰ ਅਫਸਰ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਮੁਲਜ਼ਮਾਂ 'ਤੇ 302 ਦੇ ਤਹਿਤ ਪਹਿਲਾਂ ਕਤਲ ਦਾ ਮਾਮਲਾ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਦੁਆਬੇ ਇਲਾਕੇ 'ਚ ਇਸ ਮੁਲਜ਼ਮ ਦਾ ਵੱਡਾ ਨੈੱਟਵਰਕ ਹੈ। ਸੀਨੀਅਰ ਅਫਸਰ ਨੇ ਦੱਸਿਆ ਕਿ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਡੂੰਘਾਈ ਦੇ ਨਾਲ ਪੁੱਛਕਿਛ ਕੀਤੀ ਜਾਵੇਗੀ। ਇਨ੍ਹਾਂ ਮੁਲਜ਼ਮਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਅਧਿਕਾਰੀਆਂ ਨੂੰ ਉਮੀਦ ਹੈ।