ਲੁਧਿਆਣਾ: ਖੇਤੀ ਕਾਨੂੰਨਾਂ (Agricultural laws) ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਭਾਜਪਾ (BJP) ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵਿਸ਼ੇਸ਼ ਤੌਰ ’ਤੇ ਭਾਜਪਾ ਆਗੂਆਂ ਦੇ ਨਾ ਵੜਨ ਦੇ ਪੋਸਟਰ ਲਗਾ ਦਿੱਤੇ ਗਏ ਹਨ ਅਜਿਹੇ ’ਚ ਭਾਜਪਾ ਪਹਿਲਾਂ ਹੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਲੜਨ ਦਾ ਐਲਾਨ ਕਰ ਚੁੱਕੀ ਹੈ ਜਿਸ ਨੂੰ ਲੈ ਕੇ ਲਗਾਤਾਰ ਭਾਜਪਾ ਵੱਲੋਂ ਆਪਣੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਸ਼ਹਿਰਾਂ ਵਿੱਚ ਭਾਜਪਾ ਵੱਲੋਂ ਜ਼ਿਲ੍ਹਾ ਪੱਧਰੀ ਨਿਯੁਕਤੀਆਂ ਜਦੋਂ ਕਿ ਪਿੰਡਾਂ ਦੇ ਵਿਚ ਵੀ ਜ਼ਮੀਨੀ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ। ਭਾਜਪਾ ਕੈਪਟਨ ਵੱਲੋਂ ਬਣਾਈ ਗਈ ਨਵੀਂ ਪਾਰਟੀ ਨਾਲ ਵੀ ਭਵਿੱਖ ’ਚ ਸਮਝੌਤੇ ਕਰਨ ਤੋਂ ਪਿੱਛੇ ਨਹੀਂ ਹਟੇਗੀ। ਇਹ ਸੰਭਾਵਨਾਵਾਂ ਵੀ ਵਿਖਾਈ ਦੇ ਰਹੀਆਂ ਹਨ ਕਿ ਪਿੰਡਾਂ ਵਿੱਚ ਸ਼ਾਖਾ ਰਹੀ ਆਰਐੱਸਐੱਸ (RSS) ਵਿੱਚ ਨਵੀਂਆਂ ਭਰਤੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਭਾਜਪਾ ਨੂੰ ਪਿੰਡਾਂ ਵਿੱਚ ਵੀ ਮਜ਼ਬੂਤ ਕੀਤਾ ਜਾ ਸਕੇ।
42 ਫ਼ੀਸਦ ਦਲਿਤ ਅਤੇ ਓ ਬੀ ਸੀ ਵੋਟਰਾਂ ’ਤੇ ਅੱਖ
ਲੁਧਿਆਣਾ ਪਹੁੰਚੇ ਭਾਜਪਾ ਦੇ ਹਰਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਮ ਚੰਦਰ ਜਾਂਗੜਾ ਨੇ ਇਹ ਕਿਹਾ ਹੈ ਕਿ ਪਿੰਡਾਂ ਦੇ ਵਿੱਚ ਸਿਰਫ਼ ਕਿਸਾਨ ਹੀ ਨਹੀਂ ਰਹਿੰਦੇ ਸਗੋਂ ਪਿੰਡਾਂ ਦੇ ਵਿੱਚ ਦਲਿਤ ਮਜ਼ਦੂਰ ਅਤੇ ਹੋਰ ਵੀ ਕਈ ਵਰਗਾਂ ਦੇ ਲੋਕ ਰਹਿੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਮਝ ਆ ਜਾਵੇਗੀ ਕਿ ਕਾਨੂੰਨਾਂ ਦੇ ਵਿੱਚ ਕੁਝ ਵੀ ਗ਼ਲਤ ਨਹੀਂ ਤਾਂ ਉਹ ਕਿਸਾਨਾਂ ਨੂੰ ਵੀ ਸਮਝਾਉਣਗੇ ਜਿਸ ਦਾ ਫ਼ਾਇਦਾ ਭਾਜਪਾ ਨੂੰ ਮਿਲੇਗਾ। ਉਨ੍ਹਾਂ ਨੇ ਸਿੱਧੇ ਤੌਰ ’ਤੇ ਕਿਹਾ ਕਿ ਪੰਜਾਬ ਦੇ ਵਿੱਚ ਜੋ 42 ਫ਼ੀਸਦੀ ਓਬੀਸੀ ਸਮਾਜ ਹੈ ਉਹ ਪੂਰਨ ਤੌਰ ’ਤੇ ਭਾਜਪਾ ਦੇ ਹੱਕ ਚ ਭੁਗਤੇਗਾ ਅਤੇ ਉਨ੍ਹਾਂ ਦੇ ਸਿਰ ’ਤੇ ਹੀ ਭਾਜਪਾ ਵੱਲੋਂ ਪੰਜਾਬ ਅੰਦਰ ਸਰਕਾਰ ਬਣਾਈ ਜਾਵੇਗੀ।
ਕੈਪਟਨ ਨਾਲ ਸਮਝੌਤੇ ਦੇ ਵੀ ਆਸਾਰ
ਭਾਜਪਾ ਦੇ ਸਭ ਤੋਂ ਵੱਡੀ ਚੁਣੌਤੀ ਕਿਸਾਨ ਅੰਦੋਲਨ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸ ਤੋਂ ਵੱਖ ਹੋਏ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਲਗਾਤਾਰ ਮਿਲਣੀਆਂ ਹੋ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਖ਼ੁਦ ਵੀ ਇਹ ਕਹਿ ਚੁੱਕੇ ਹਨ ਕਿ ਜੇਕਰ ਕਿਸਾਨਾਂ ਦਾ ਮਸਲਾ ਉਹ ਭਾਜਪਾ ਤੋਂ ਹੱਲ ਕਰਵਾ ਦੇਣਗੇ ਤਾਂ ਵਿਧਾਨ ਸਭਾ ਚੋਣਾਂ (Assembly elections) ’ਚ ਭਾਜਪਾ ਨਾਲ ਗੱਠਜੋੜ ਬਾਰੇ ਸੋਚਿਆ ਜਾ ਸਕਦਾ ਹੈ।
ਹਾਲਾਂਕਿ ਦੂਜੇ ਪਾਸੇ ਭਾਜਪਾ ਵੀ ਕੈਪਟਨ ਦੀ ਰਾਸ਼ਟਰਵਾਦੀ ਨੀਤੀ ਅਤੇ ਸੋਚ ਤੋਂ ਕਾਫੀ ਪ੍ਰਭਾਵਿਤ ਹੈ। ਲੁਧਿਆਣਾ ਵਿੱਚ ਪਹੁੰਚੇ ਮੈਂਬਰ ਪਾਰਲੀਮੈਂਟ ਰਾਮ ਚੰਦਰ ਜਾਂਗੜਾ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈ ਅਤੇ ਭਵਿੱਖ ਦੇ ਵਿਚ ਜੇਕਰ ਲੋੜ ਪਈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਮਝੌਤਾ ਕਰ ਸਕਦੇ ਹਨ।