ਲੁਧਿਆਣਾ: ਸ਼ਹਿਰ ਵਿੱਚ ਆਸ਼ਾ ਵਰਕਰ ਬਲਵਿੰਦਰ ਕੌਰ ਸੜਕ 'ਤੇ ਬੈਠ ਕੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰ ਰਹੀ ਹੈ। ਦੱਸ ਦਈਏ, ਬਲਵਿੰਦਰ ਕੌਰ ਨੂੰ ਕਈ ਸਨਮਾਨ ਮਿਲ ਚੁੱਕੇ ਹਨ, ਹਾਲ ਹੀ ਵਿੱਚ ਕੇਂਦਰੀ ਮੰਤਰੀ ਹਰਸ਼ਵਰਧਨ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 15 ਅਗਸਤ ਅਤੇ 26 ਜਨਵਰੀ ਨੂੰ ਉਨ੍ਹਾਂ ਨੂੰ ਚੰਗੀਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਰ ਬਲਵਿੰਦਰ ਕੌਰ ਸੜਕਾਂ 'ਤੇ ਬੈਠ ਕੇ ਧਰਨੇ ਦੇਣ ਨੂੰ ਮਜਬੂਰ ਹੈ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਬਲ਼ਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੇਸ਼ ਭਰ 'ਚ ਉਸ ਨੂੰ ਚੰਗੀ ਸੇਵਾਵਾਂ ਦੇਣ ਬਦਲੇ ਕੇਂਦਰੀ ਮੰਤਰੀ ਹਰਸ਼ਵਰਧਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ, ਪਰ ਸਨਮਾਨਾਂ ਦੇ ਨਾਲ ਢਿੱਡ ਨਹੀਂ ਭਰਦਾ।
ਲੁਧਿਆਣਾ ਵਿੱਚ ਆਸ਼ਾ ਵਰਕਰ ਧਰਨੇ 'ਤੇ ਉਨ੍ਹਾਂ ਕਿਹਾ ਕਿ ਉਹ 2008 ਤੋਂ ਆਸ਼ਾ ਵਰਕਰ ਹੈ, ਪਰ ਤਨਖ਼ਾਹ ਦੇ ਨਾਂਅ ਤੋਂ ਉਨ੍ਹਾਂ ਨੂੰ ਸਿਰਫ਼ ਇਨਸੈਂਟਿਵ ਹੀ ਮਿਲਦੇ ਹਨ, ਜਦੋਂ ਕਿ ਹਰਿਆਣਾ ਵਿੱਚ ਆਸ਼ਾ ਵਰਕਰਾਂ ਨੂੰ ਪੱਕੀ ਤਨਖ਼ਾਹ ਦਿੱਤੀ ਜਾ ਰਹੀ ਹੈ। ਬਲਵਿੰਦਰ ਕੌਰ ਨੇ ਕਿਹਾ ਕਿ ਸਰਕਾਰਾਂ ਦੇ ਕਰਕੇ ਹੀ ਉਸ ਨੂੰ ਅੱਜ ਸੜਕ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉੱਥੇ ਹੀ ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਜੀਤ ਕੌਰ ਨੇ ਦੱਸਿਆ ਕਿ ਸਨਮਾਨ ਦੇਣਾ ਵੱਖਰੀ ਗੱਲ ਹੈ ਪਰ ਤਨਖ਼ਾਹ ਦੇਣਾ ਵੱਖਰੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸਨਮਾਨ ਦੇ ਨਾਲ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਆਸ਼ਾ ਵਰਕਰਾਂ ਨੂੰ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਕੋਈ ਤਨਖ਼ਾਹ ਨਹੀਂ ਮਿਲਦੀ। ਇਸ ਕਾਰਨ ਉਨ੍ਹਾਂ ਨੂੰ ਸੜਕ 'ਤੇ ਉੱਤਰ ਕੇ ਵਿਰੋਧ ਕਰਨ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।
ਇੱਕ ਪਾਸੇ ਜਿੱਥੇ ਸਾਡੀਆਂ ਸਰਕਾਰਾਂ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਸਨਮਾਨ ਤਾਂ ਕਰਦੀਆਂ ਹਨ, ਪਰ ਉਹ ਸਨਮਾਨ ਮਹਿਜ਼ ਦਿਖਾਵੇ ਜੋਗੇ ਹੀ ਰਹਿ ਜਾਂਦੇ ਹਨ। ਸਨਮਾਨ ਕਰਨ ਦੇ ਬਾਵਜੂਦ ਮੁਲਾਜ਼ਮ ਆਪਣੀ ਹੱਕੀ ਮੰਗਾਂ ਲਈ ਸੜਕਾਂ 'ਤੇ ਪੂਰਾ ਸਾਲ ਰੁੜ੍ਹਦੇ ਰਹਿੰਦੇ ਹਨ ਤੇ ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ।