ਖੰਨਾ :ਕਹਿਰ ਦੀ ਗਰਮੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਦੋਰਾਹਾ 'ਚ ਨੈਸ਼ਨਲ ਹਾਈਵੇਅ (NH) 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਇੱਕ ਚੱਲਦੀ BMW ਨੂੰ ਅੱਗ ਲੱਗ ਗਈ। ਡਰਾਈਵਰ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸ ਤੋਂ ਪਹਿਲਾਂ ਕਿ ਡਰਾਈਵਰ ਕੁਝ ਸਮਝਦਾ ਉਸ ਦੀਆਂ ਅੱਖਾਂ ਦੇ ਸਾਹਮਣੇ ਲਗਜ਼ਰੀ ਕਾਰ ਸੜ ਕੇ ਸੁਆਹ ਹੋ ਗਈ। ਦੋਰਾਹਾ ਅਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਰਾਹੀਂ ਸੂਚਨਾ ਮਿਲੀ ਸੀ ਕਿ ਦੋਰਾਹਾ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਹੈ। ਘਟਨਾ ਕਰੀਬ 20 ਕਿਲੋਮੀਟਰ ਦੀ ਦੂਰੀ 'ਤੇ ਵਾਪਰੀ। ਉਹ ਖੰਨਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਮੌਕੇ ਉਤੇ ਪੁੱਜੇ। ਦੋਰਾਹਾ ਤੋਂ ਵੀ ਇਕ ਗੱਡੀ ਆਈ ਸੀ, ਜਦੋਂ ਉਹ ਗੱਡੀ ਲੈ ਕੇ ਪੁੱਜੇ ਤਾਂ ਕਾਰ ਸੜ ਚੁੱਕੀ ਸੀ।
ਗੱਡੀ ਦੀ ਟ੍ਰਾਈ ਲੈਣ ਆਇਆ ਸੀ ਮਕੈਨਿਕ :ਇਹ ਗੱਡੀ ਹਰਮਨਦੀਪ ਸਿੰਘ ਵਾਸੀ ਪ੍ਰੀਤ ਨਗਰ ਬਸਤੀ, ਜੋਧੇਵਾਲ, ਲੁਧਿਆਣਾ ਦੀ ਹੈ। ਮਾਲਕ ਨੇ ਕਾਰ ਸਾਹਨੇਵਾਲ ਦੀ ਇੱਕ ਵਰਕਸ਼ਾਪ ਵਿੱਚ ਖੜ੍ਹੀ ਕੀਤੀ ਸੀ। ਮਕੈਨਿਕ ਟ੍ਰਾਈ ਲੈਣ ਲਈ ਆਇਆ ਸੀ। ਇਸ ਦੌਰਾਨ ਅੱਗ ਲੱਗ ਗਈ। ਬਾਅਦ 'ਚ ਮਾਲਕ ਨੂੰ ਮੌਕੇ 'ਤੇ ਬੁਲਾਇਆ ਗਿਆ।
ਦੋਰਾਹਾ ਜੀਟੀ ਰੋਡ 'ਤੇ ਚੱਲਦੀ ਬੀਐਮਡਬਲਯੂ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਕਾਰ ਚਾਲਕ - ਦੋਰਾਹਾ ਨਗਰ ਕੌਂਸਲ
ਦੋਰਾਹਾ 'ਚ ਨੈਸ਼ਨਲ ਹਾਈਵੇਅ (NH) 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਇੱਕ ਚੱਲਦੀ BMW ਨੂੰ ਅੱਗ ਲੱਗ ਗਈ। ਡਰਾਈਵਰ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ।
ਸ਼ਾਰਟ ਸਰਕਟ ਨਾਲ ਲੱਗੀ ਅੱਗ :ਦੋਰਾਹਾ ਥਾਣੇ ਦੇ ਏਐਸਆਈ ਸੁਰਜੰਗਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਜਗੜ੍ਹ ਦੇ ਯੂ-ਟਰਨ ਨੇੜੇ ਵਾਪਰੀ। ਸਾਹਨੇਵਾਲ ਦਾ ਇੱਕ ਵਿਅਕਤੀ ਰਾਜਗੜ੍ਹ ਤੋਂ ਯੂ ਟਰਨ ਲੈ ਕੇ ਬੀਐਮਡਬਲਿਊ ਵਿੱਚ ਵਾਪਸ ਆ ਰਿਹਾ ਸੀ ਕਿ ਕਾਰ ਨੂੰ ਅੱਗ ਲੱਗ ਗਈ, ਰਾਤ ਦਾ ਸਮਾਂ ਹੋਣ ਕਾਰਨ ਆਲੇ-ਦੁਆਲੇ ਕੋਈ ਨਹੀਂ ਸੀ। ਅੱਗ ਬੁਝਾਉਣ ਦੇ ਯਤਨ ਜ਼ਰੂਰ ਕੀਤੇ ਗਏ, ਪਰ ਅੱਗ ਬਹੁਤ ਜ਼ਿਆਦਾ ਸੀ। ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਉਦੋਂ ਤੱਕ ਕਾਰ ਨੂੰ ਅੱਗ ਲੱਗ ਗਈ ਸੀ। ਇਸ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ।
ਦੋਰਾਹਾ ਵਿਖੇ ਨਹੀਂ ਫਾਇਰ ਸਟੇਸ਼ਨ :ਦੋਰਾਹਾ ਨਗਰ ਕੌਂਸਲ ਵਿਖੇ ਫਾਇਰ ਬ੍ਰਿਗੇਡ ਸਟੇਸ਼ਨ ਨਹੀਂ ਹੈ। ਇੱਥੇ ਸਮਰਾਲਾ ਦੀ ਗੱਡੀ ਜ਼ਰੂਰ ਖੜੀ ਕੀਤੀ ਜਾਂਦੀ ਹੈ ਪ੍ਰੰਤੂ ਗੱਡੀ ਚ ਪਾਣੀ ਭਰਨ ਨੂੰ ਪ੍ਰਬੰਧ ਪੂਰੇ ਨਹੀਂ ਹਨ। ਇਹੀ ਕਾਰਨ ਹੈ ਕਿ ਇੱਥੇ ਅੱਗ ਲੱਗਣ ਦੀ ਘਟਨਾ ਚ ਬਚਾਅ ਕਾਰਜਾਂ ਲਈ ਖੰਨਾ ਅਤੇ ਸਮਰਾਲਾ ਫਾਇਰ ਸਟੇਸ਼ਨ ਉਪਰ ਨਿਰਭਰ ਰਹਿਣਾ ਪੈਂਦਾ ਹੈ। ਓਥੋਂ ਜਦੋਂ ਤੱਕ ਗੱਡੀ ਆਉਂਦੀ ਹੈ ਓਦੋਂ ਤੱਕ ਅੱਗ ਨੁਕਸਾਨ ਕਰ ਚੁੱਕੀ ਹੁੰਦੀ ਹੈ।