ਜਲੰਧਰ:ਬੀਤੇ ਦਿਨੀਂ ਪੰਜਾਬ 'ਚ ਕਈ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਥੇ ਪੰਜਾਬ 'ਚ ਸ਼ਾਂਤਮਈ ਬੰਦ ਦੇ ਦਾਅਵੇ ਕੀਤੇ ਜਾ ਰਹੇ ਸੀ ਤਾਂ ਉਥੇ ਹੀ ਇਸ ਦੌਰਾਨ ਕਈ ਹਿੰਸਕ ਘਟਨਾਵਾਂ ਵੀ ਹੋਈਆਂ। ਇੱਕ ਥਾਂ ਜਿਥੇ ਵਿਅਕਤੀ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਸੀ ਤਾਂ ਉਥੇ ਹੀ ਜਲੰਧਰ ਦੀ ਵਾਇਰਲ ਹੋ ਰਹੀ ਗੁੰਡਾਗਰਦੀ ਦੀ ਇੱਕ ਵੀਡੀਓ ਨੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸ਼ਹਿਰ ਵਿੱਚ ਬੰਦ ਦੌਰਾਨ ਸ਼ਰਾਰਤੀ ਅਨਸਰ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਗੁੰਡਾਗਰਦੀ ਦਾ ਨਾਚ ਦਿਖਾਉਂਦੇ ਹੋਏ ਸਭ ਤੋਂ ਪਹਿਲਾਂ ਅਵਤਾਰ ਨਗਰ ਦੇ ਸਰਕਾਰੀ ਸਕੂਲ ਵਿੱਚ ਪੁੱਜੇ। ਉਸ ਤੋਂ ਬਾਅਦ ਗੁੰਡਾਗਰਦੀ ਕਰਦੇ ਹੋਏ ਖੁੱਲ੍ਹੀਆਂ ਦੁਕਾਨਾਂ 'ਚ ਵੜ ਗਏ।
ਪ੍ਰਿੰਸੀਪਲ 'ਤੇ ਜਾਨਲੇਵਾ ਹਮਲਾ:ਸ਼ਹਿਰ ਦੇ ਅਬਾਦਪੁਰਾ ਦੇ ਇੱਕ ਨਿੱਜੀ ਸਕੂਲ ਵਿੱਚ ਸ਼ਰਾਰਤੀ ਅਨਸਰ ਤੇਜ਼ਧਾਰ ਹਥਿਆਰਾਂ ਨਾਲ ਦਾਖਲ ਹੋਏ। ਭਾਵੇਂ ਸਕੂਲ ਵਿੱਚ ਬੱਚੇ ਨਹੀਂ ਸਨ ਪਰ ਦਫ਼ਤਰ ਵਿੱਚ ਕੰਮ ਨਿਪਟਾਉਣ ਆਏ ਪ੍ਰਿੰਸੀਪਲ ਐਸ.ਆਰ.ਕਟਾਰੀਆ ’ਤੇ ਹਮਲਾ ਕਰ ਦਿੱਤਾ ਗਿਆ। ਜਿੰਨ੍ਹਾਂ ਦੇ ਸਿਰ-ਗਰਦਨ ਅਤੇ ਬਾਹਾਂ 'ਤੇ ਬੁਰੀ ਤਰ੍ਹਾਂ ਕੱਟ ਦਿੱਤਾ ਗਿਆ। ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਗਰਦਨ 'ਤੇ ਜ਼ਖ਼ਮ ਕਾਰਨ ਬੋਲਣ 'ਚ ਮੁਸ਼ਕਿਲ: ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਪ੍ਰਿੰਸੀਪਲ ਕਟਾਰੀਆ ਦੇ ਬਿਆਨ ਦਰਜ ਕਰਨ ਲਈ ਨਿੱਜੀ ਹਸਪਤਾਲ ਗਈ ਸੀ ਪਰ ਡਾਕਟਰਾਂ ਨੇ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਬੋਲਣ ਦੀ ਮਨਾਹੀ ਹੈ ਕਿਉਂਕਿ ਬੋਲਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਹੋ ਸਕਦੀ ਹੈ।