ਹੁਸ਼ਿਆਰਪੁਰ: ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਇਕ ਗੁਰਸਿੱਖ ਸੇਵਾ ਮੁਕਤ ਪ੍ਰਿੰਸੀਪਲ ਦੇ ਘਰ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜ਼ਬਰਦਸਤੀ ਇਹ ਕਹਿ ਕੇ ਲੈ ਗਏ ਕਿ ਉਸ ਘਰ 'ਚ ਮੀਟ-ਆਂਡੇ ਦੀ ਵਰਤੋਂ ਕੀਤੀ ਜਾਂਦੀ ਹੈ। ਕਮੇਟੀ ਦੇ ਮੁਖੀ ਬਲਬੀਰ ਸਿੰਘ ਮੁੱਛਲ ਦਾ ਬੀਤੇ ਦਿਨੀਂ ਵਾਪਰੀ ਇਸ ਘਟਨਾ ਬਾਰੇ ਕਹਿਣਾ ਹੈ ਕਿ ਮੀਟ ਅਤੇ ਆਂਡੇ ਦਾ ਸੇਵਨ ਕਰਨ ਵਾਲਾ ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪਣੇ ਘਰ 'ਚ ਨਹੀਂ ਰੱਖ ਸਕਦਾ।
ਦੂਜੇ ਪਾਸੇ ਸਬੰਧਤ ਸਾਬਕਾ ਪ੍ਰਿੰਸੀਪਲ 78 ਸਾਲਾ ਜਸਵੰਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਸ ਨਾਲ ਧੱਕੇਸ਼ਾਹੀ ਹੋਈ ਹੈ ਅਤੇ ਉਹ ਆਪਣੇ ਗੁਰੂ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦਾ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਸੰਧੂ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ 'ਚ 10 ਸਾਲ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਪਿੱਛੋਂ 2002 'ਚ ਰਿਟਾਇਰ ਹੋ ਗਏ ਸਨ ਅਤੇ ਅੱਜ ਕੱਲ੍ਹ ਆਪਣੇ ਪਿੰਡ ਬੱਸੀ ਜਲਾਲ (ਹੁਸ਼ਿਆਰਪੁਰ) 'ਚ ਰਹਿੰਦੇ ਹਨ।