ਹੁਸ਼ਿਆਰਪੁਰ: ਬੀਤੇ ਦਿਨੀਂ ਅੰਬੇਡਕਰ ਫੋਰਸ ਦੇ ਪ੍ਰਧਾਨ ਅਨਿਲ ਬੱਗਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ 'ਚ ਅਨਿਲ ਬੱਗਾ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਗੋਲੀ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।
ਅੰਬੇਡਕਰ ਫੋਰਸ ਦੇ ਪ੍ਰਧਾਨ ਅਨਿਲ ਬੱਗਾ ਨੇ ਦੱਸਿਆ ਕਿ ਉਹ ਆਪਣੀ ਬਲੈਰੋ ਗੱਡੀ 'ਤੇ ਘਰ ਪਰਤ ਰਹੇ ਸੀ। ਜਦੋਂ ਉਹ ਭੰਗੀ ਚੋਅ ਤੋਂ ਚਿੰਤਪੁਰਨੀ ਰੋਡ 'ਤੇ ਗਏ ਤਾਂ ਉਨ੍ਹਾਂ ਦੀ ਗੱਡੀ ਦੇ ਅੱਗੇ ਪਿੱਛੇ ਕੁਝ ਕਾਰਾਂ ਲੱਗ ਗਈਆਂ ਤੇ ਉਨ੍ਹਾਂ ਦਾ ਰਸਤਾ ਰੋਕ ਲਿਆ। ਇਸ ਮਗਰੋਂ ਅੱਗੇ-ਪਿੱਛੇ ਦੀਆਂ ਕਾਰਾਂ 'ਚੋਂ ਕੁਝ ਵਿਅਕਤੀ ਤੇਜ਼ਧਾਰ ਹਥਿਆਰ ਨਾਲ ਬਾਹਰ ਆਏ। ਫਿਰ ਉਨ੍ਹਾਂ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਲੈਰੋ ਗੱਡੀ ਦੀ ਭੰਨ੍ਹ ਤੋੜ ਕਰਨ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿਅਕਤੀਆਂ ਨੇ ਭੰਨ੍ਹ-ਤੋੜ ਤੋਂ ਬਾਅਦ ਪਿਸਤੌਲ ਕੱਢ ਲਈ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਦੇਖ ਕੇ ਉਨ੍ਹਾਂ ਨੇ ਗੱਡੀ ਅਗਾਂਹ ਵਧਾ ਲਈ ਤੇ ਮਾਡਲ ਟਾਉਨ ਦੇ ਥਾਣੇ 'ਚ ਜਾ ਕੇ ਖੜ੍ਹੀ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ, ਜਿਸ ਦਾ ਉਨ੍ਹਾਂ ਵਿਅਕਤੀਆਂ 'ਤੇ ਮਾਮਲਾ ਦਰਜ ਹੈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਦਾ ਬਿਆਨ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਐਸ.ਐਚ.ਓ. ਗਗਨਦੀਪ ਸਿੰਘ ਸ਼ੇਖ਼ੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਅੰਬੇਡਕਰ ਫੋਰਸ ਦੇ ਪ੍ਰਧਾਨ ਅਨਿਲ ਬੱਗਾ 'ਤੇ ਇਹ ਹਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ।