ਗੁਰਦਾਸਪੁਰ:ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਜਿਸਦੇ ਚੱਲਦੇ ਲੋਕਾਂ ਨੂੰ ਵੈਕਸੀਨ ਲਗਾਉਣ ਦੇ ਨਾਲ ਨਾਲ ਲੋਕਾਂ ਦਾ ਕੋਰੋਨਾ ਟੈਸਟ ਵੀ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਸਿਹਤ ਵਿਭਾਗ ਦੀ ਟੀਮ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਵਿੱਚ ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡਾਂ ਵਿੱਚ ਪਹੁੰਚੀ। ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਅਤੇ ਵੈਕਸੀਨ ਵੀ ਲਗਾਈ ਗਈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਜਾਦੀ ਦੇ 72 ਸਾਲ ਬੀਤ ਜਾਣ ਦੇ ਬਾਵਜੁਦ ਵੀ ਇਨ੍ਹਾਂ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਹੈ। ਦੱਸ ਦਈਏ ਕਿ ਇਹ ਪਿੰਡ ਇੰਡੋ-ਪਾਕ ਬਾਰਡਰ ਦੇ ਬਿਲਕੁੱਲ ਨੇੜੇ ਹਨ ਅਤੇ ਇਨ੍ਹਾਂ 7 ਪਿੰਡਾਂ ਨੂੰ ਜਾਣ ਲਈ ਰਾਵੀ ਦਰਿਆ ’ਤੇ ਬਣੇ ਆਰਜੀ ਲੱਕੜੀ ਦੇ ਪੁੱਲ ਨੂੰ ਪਾਰ ਕਰਕੇ ਜਾਣਾ ਪੈਂਦਾ ਹੈ। ਸਿਹਤ ਵਿਭਾਗ ਦੀ ਟੀਮ ਵੀ ਇਸੇ ਪੁੱਲ ਨੂੰ ਪਾਰ ਕਰਕੇ ਪਿੰਡਾਂ ਦੇ ਲੋਕਾਂ ਕੋਲ ਪਹੁੰਚੀ ਹੈ।
ਬਹੁਤ ਘੱਟ ਲੋਕ ਕਰਵਾ ਰਹੇ ਟੈਸਟਿੰਗ ਅਤੇ ਸੈਪਲਿੰਗ
ਇਸ ਸਬੰਧ ’ਚ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮਕੋੜਾ ਪਤਨ ਰਾਵੀ ਦਰਿਆ ’ਤੇ ਬਣੇ ਆਰਜ਼ੀ ਪੁਲ ਨੂੰ ਪਾਰ ਕਰਕੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ ਪਰ ਪਿੰਡਾਂ ਦੇ ਲੋਕ ਜਾਗਰੂਕ ਨਹੀਂ ਹਨ, ਇਸ ਲਈ ਪਿੰਡ ਦੇ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਨਹੀਂ ਕਰ ਰਹੇ। ਜਿਸ ਕਾਰਨ ਬਹੁਤ ਘੱਟ ਹੀ ਲੋਕ ਵੈਕਸੀਨ ਲਗਵਾ ਰਹੇ ਹਨ ਅਤੇ ਆਪਣਾ ਟੈਸਟ ਕਰਵਾ ਰਹੇ ਹਨ। ਸਰਪੰਚ ਨੇ ਕਿਹਾ ਕਿ ਉਸ ਵੱਲੋਂ ਵੀ ਪਿੰਡ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਵੈਕਸੀਨ ਲਗਵਾਉ ਪਰ ਜ਼ਿਆਦਾਤਰ ਲੋਕ ਵੈਕਸੀਨ ਲਗਾਉਣ ਦੇ ਲਈ ਨਹੀਂ ਆ ਰਹੇ।