ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਝ ਵਿਅਕਤੀਆਂ ਨੇ ਮਹਿਜ਼ 200 ਰੁਪਏ ਨੂੰ ਲੈਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਅੱਤੇ ਉਸ ਦੇ ਪਿਓ ਨੂੰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਮਾਮਲਾ ਪਿੰਡ ਸਲਾਹਪੂਰ ਦਾ ਜਿੱਥੇ ਪਿਓ-ਪੁੱਤਰ ਕਿਸੇ ਦੇ ਘਰ ਦਿਹਾੜੀ ਕਰਨ ਲਈ ਜਾਂਦੇ ਸਨ ਅਤੇ ਪਿਓ-ਪੁੱਤ ਨੇ ਉਨ੍ਹਾਂ ਕੋਲੋ 200 ਰੁਪਏ ਉਧਾਰ ਲਏ ਸਨ। ਜਦੋਂ ਉਹਨਾਂ ਨੇ ਪੈਸੈ ਵਾਪਿਸ ਮੰਗੇ ਤਾਂ ਦੋਨਾਂ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਆਕੇ ਬੇਸਬਾਲ ਦੇ ਨਾਲ ਆਪਣੇ ਘਰ ਦੇ ਬਾਹਰ ਖੜ੍ਹੇ ਪਿਓ-ਪੁੱਤ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਨੌਜਵਾਨ ਸਾਜਨ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਿਤਾ ਮੰਗਲ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਹੋਏ ਸ਼ਖ਼ਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
200 ਰੁਪਏ ਪਿੱਛੇ ਇੱਕ ਨੌਜਵਾਨ ਦਾ ਕਤਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਦੋਨੋਂ ਪਿਓ-ਪੁੱਤਰ ਪਿੰਡ ਵਿੱਚ ਹੀ ਕਿਸੇ ਦੇ ਘਰ ਦਿਹਾੜੀ ਦਾ ਕੰਮ ਕਰਦੇ ਸਨ ਅਤੇ ਇਹਨਾਂ ਨੇ 200 ਰੁਪਏ ਉਧਾਰ ਲਏ ਸਨ ਜਿਸ ਕਰਕੇ ਉਕਤ ਵਿਅਕਤੀ ਇਹਨਾਂ ਦੇ ਕੋਲੋਂ ਪੈਸੇ ਵਾਪਸ ਮੰਗ ਰਹੇ ਸਨ। ਇਸ ਤੋਂ ਬਾਅਦ ਇਹਨਾਂ ਦੀ ਬਹਿਸ ਹੋਈ ਅਤੇ ਉਹਨਾਂ ਵਿਅਕਤੀਆਂ ਨੇ ਪਿਓ-ਪੁੱਤਰ ਉਪਰ ਹਮਲਾ ਕਰਕੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਇਸ ਹਮਲੇ ਵਿੱਚ ਨੌਜਵਾਨ ਸਾਜਨ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਕਿਹਾ ਕਿ 200 ਰੁਪਏ ਪਿੱਛੇ ਇੱਕ ਨੌਜਵਾਨ ਦਾ ਕਤਲ ਹੋ ਜਾਣਾ ਬਹੁਤ ਹੀ ਮਾੜੀ ਗੱਲ ਹੈ, ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।