ਗੁਰਦਾਸਪੁਰ: ਸ਼ੋਸ਼ਲ ਮੀਡੀਆ ਦੀ ਵਰਤੋਂ ਕਰਕੇ ਕਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ। ਪਰ ਕਈ ਲੋਕ ਸ਼ੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰ ਜਲਦ ਅਮੀਰ ਹੋਣਾ ਚਾਹੁੰਦੇ ਹਨ ਅਤੇ ਗ਼ਲਤ ਰਸਤੇ ਉੱਤੇ ਤੁਰ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 8ਵੀ ਕਲਾਸ ਫੇਲ੍ਹ ਵਿਆਕਤੀ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਂਣ ਦਾ ਤਰੀਕਾ ਸਿੱਖ ਕੇ 2 ਲੱਖ ਰੁਪਏ ਦੇ ਕਰੀਬ ਨਕਲੀ ਭਾਰਤੀ ਕਰੰਸੀ ਛਾਪ ਦਿੱਤੀ। ਇਸ ਤੋਂ ਬਾਅਦ ਮੁੱਖਬਰ ਖ਼ਾਸ ਦੀ ਇਤਲਾਹ ਉੱਤੇ ਨਾਕੇਬੰਦੀ ਦੌਰਾਨ ਆਰੋਪੀ ਨੂੰ ਕਾਬੂ ਕਰਕੇ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਆਰੋਪੀ ਵਿਅਕਤੀ ਖ਼ਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ :-ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਧਾਰੀਵਾਲ ਦੇ ਪਿੰਡ ਪਸਨਵਾਲ ਵਿਖੇ ਨਾਕੇਬੰਦੀ ਦੌਰਾਨ ਇਕ 8ਵੀਂ ਕਲਾਸ ਫੇਲ੍ਹ ਵਿਅਕਤੀ ਬਲਦੇਵ ਸਿੰਘ ਉਰਫ਼ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ ਉੱਤੇ ਰੋਕ ਜਦੋਂ ਤਲਾਸ਼ੀ ਕੀਤੀ ਗਈ ਤਾਂ ਇਸਦੀ ਜੇਬ ਵਿੱਚੋਂ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਇਸ ਦੌਰਾਨ ਪੁੱਛਗਿੱਛ ਸਮੇਂ ਇਸ ਦੇ ਘਰ ਦੀ ਤਲਾਸ਼ੀ ਦੌਰਾਨ ਘਰ ਵਿੱਚੋਂ ਨੋਟ ਛਾਪਣ ਦਾ ਸਮਾਨ ਬ੍ਰਾਮਦ ਕਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਇਸ ਵਿਅਕਤੀ ਖ਼ਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।