ਗੁਰਦਾਸਪੁਰ: ਪੰਜਾਬ ਅੰਦਰ ਨਸ਼ੇ ਅਤੇ ਨਜਾਇਜ ਸ਼ਰਾਬ ਬਣਾਉਣ ਵਾਲੇ ਅਨਸਰਾਂ ਉੱਤੇ ਨਕੇਲ ਕੱਸਦੇ ਹੋਏ ਤੇਜ਼ੀ ਫੜ ਲਈ ਹੈ ਜਿਸਦੇ ਚੱਲਦੇ ਬਟਾਲਾ ਪੁਲਿਸ ਅਤੇ ਆਬਕਾਰੀ ਵਿਭਾਗ ਗੁਰਦਾਸਪੁਰ ਦੀ ਸਾਂਝੀ ਛਾਪੇਮਾਰੀ ਦੌਰਾਨ ਜ਼ਿਲ੍ਹੇ ਅੰਦਰ ਦਰਿਆ ਬਿਆਸ ਦੇ ਕਿਨਾਰੇ ਵਸੇ ਪਿੰਡ ਕਠਾਣਾ ਵਿਖੇ ਬਿਆਸ ਦਰਿਆ ਦੇ ਕੰਢੇ ਨਜਦੀਕ ਤਲਾਸ਼ੀ ਦੌਰਾਨ 12000 ਲੀਟਰ ਕੱਚੀ ਸ਼ਰਾਬ (ਲਾਹਣ) ਬਰਾਮਦ ਹੋਈ। ਇਸੇ ਦੌਰਾਨ ਨਜਾਇਜ ਸ਼ਰਾਬ ਕੱਢਣ ਲਈ ਵਰਤਿਆ ਜਾਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਜਿਸ ਵਿਚ 2 ਲੋਹੇ ਦੇ ਡਰੰਮ, 24 ਤਿਰਪਾਲ, 1 ਅਲੁਮੀਨੀਅਮ ਦਾ ਬਰਤਨ, 2 ਲੋਹੇ ਦਾ ਪੀਪੇ ਅਤੇ 1 ਪਲਾਸਟਿਕ ਦੀ ਡਰੰਮੀ ਸ਼ਾਮਿਲ ਸਨ।
ਮੌਕੇ 'ਤੇ ਹੀ ਲਾਹਣ ਕੀਤੀ ਨਸ਼ਟ:ਇਹ ਛਾਪੇਮਾਰੀ ਬਟਾਲਾ ਐਸਐਸਪੀ ਅਤੇ ਆਬਕਾਰੀ ਵਿਭਾਗ ਗੁਰਦਾਸਪੁਰ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਐਸਐਚਓ ਬਲਜੀਤ ਕੌਰ ਅਤੇ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਦੀ ਦੇਖ ਰੇਖ ਵਿਚ ਕੀਤੀ ਗਈ। ਇਸ ਮੌਕੇ ਐਸਐਚਓ ਬਲਜੀਤ ਕੌਰ ਨੇ ਬਰਾਮਦ ਕੀਤੀ ਕੱਚੀ ਨਜਾਇਜ ਸ਼ਰਾਬ ਦੇ ਬਾਰੇ ਦੱਸਦੇ ਕਿਹਾ ਕਿ ਨਜਾਇਜ ਸ਼ਰਾਬ ਨੂੰ ਮੌਕੇ ਉੱਤੇ ਹੀ ਨਸ਼ਟ ਕਰ ਦਿਤਾ ਗਿਆ ਹੈ। ਮੁਲਜ਼ਮ ਫ਼ਰਾਰ ਹਨ ਅਤੇ ਕੇਸ ਦਰਜ ਕਰ ਦਿਤਾ ਗਿਆ ਹੈ।