ਗੁਰਦਾਸਪੁਰ: ਪੰਜਾਬ ਸਰਕਾਰ ਵਲੋਂ ਸੂਬੇ 'ਚ ਨਸ਼ੇ 'ਤੇ ਠੱਲ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਬਾਵਜੂਦ ਇਸਦੇ ਸਰਕਾਰ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੁੰਦੇ ਹਨ ਜਦੋਂ ਕੋਈ ਨੌਜਵਾਨ ਨਸ਼ੇ ਦੀ ਓਵਰਡੋਜ ਕਾਰਨ ਆਪਣਾ ਜੀਵਨ ਖ਼ਤਮ ਕਰ ਬੈਠਦਾ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਸਦਾਰੰਗ ਦਾ ਹੈ, ਜਿਥੇ 24 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਦਾ ਕਹਿਣਾ ਕਿ ਉਨ੍ਹਾਂ ਨੂੰ ਪਿੰਡ ਦੇ ਕਿਸੇ ਵਿਅਕਤੀ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਲੜਕਾ ਖੇਤ 'ਚ ਡਿੱਗਿਆ ਪਿਆ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਲੜਕੇ ਦੇ ਕੋਲ ਹੀ ਟੀਕਾ ਵੀ ਪਿਆ ਸੀ, ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਸ ਵਲੋਂ ਨਸ਼ਾ ਕੀਤਾ ਗਿਆ ਸੀ। ਇਸ ਸਬੰਧੀ ਜਿਥੇ ਪਰਿਵਾਰ ਦਾ ਕਹਿਣਾ ਹੈ ਉਥੇ ਹੀ ਪਿੰਡ ਵਾਸੀਆਂ ਦਾ ਵੀ ਇਲਜਾਮ ਹੈ ਕਿ ਪਿੰਡ ਦੇ ਹੀ ਲੋਕਾਂ ਵਲੋਂ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸੂਚਿਤ ਕਰ ਚੁੱਕੇ ਹਨ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।