ਫਿਰੋਜ਼ਪੁਰ : ਤਰਨਤਾਰਨ ਅਤੇ ਫਿਰੋਜ਼ਪੁਰ ਦੋ ਜਿਲ੍ਹਿਆਂ ਨੂੰ ਜੋੜਨ ਵਾਲੇ ਚਾਰ ਮਾਰਗੀ ਨੈਸ਼ਨਲ ਹਾਈਵੇ 54 ਦੇ ਨਵੇਂ ਬਾਈਪਾਸ ਵਾਲੇ ਪੁਲ ਉੱੱਤੇ ਲੱਗੇ ਨਾਕੇ ਦੌਰਾਨ ਮੱਖੂ ਪੁਲਿਸ ਵੱਲੋਂ ਲੰਘ ਰਹੇ ਵਾਹਨ ਚਾਲਕਾਂ ਤੋਂ ਪੈਸੇ ਲੈਂਦਿਆਂ ਦੀ ਕਵਰੇਜ ਕਰ ਰਹੇ ਹਰੀਕੇ ਤੋਂ ਪੱਤਰਕਾਰ ਕਿਰਪਾਲ ਸਿੰਘ ਰੰਧਾਵਾ ਨਾਲ ਧੱਕਾ ਮੁੱਕੀ ਤੇ ਬਦਸਲੂਕੀ ਕਰਦਿਆਂ ਮੱਖੂ ਥਾਣੇ ਵਿਚ ਪੁਲਿਸ ਨੇ ਬੰਦ ਕਰ ਦਿੱਤਾ।
ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਜਦ ਇਸ ਮਾਮਲੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ। ਜਿਸਦੇ ਚਲਦਿਆਂ ਉੱਚ ਅਧਿਕਾਰੀਆਂ ਨਾਕਾ ਇੰਚਾਰਜ ਮੁੱਖ ਸਿਪਾਹੀ ਪ੍ਰਿਤਪਾਲ ਸਿੰਘ, ਸਿਪਾਹੀ ਕਮਲ ਕੁਮਾਰ ਅਤੇ ਹੋਮਗਰਡ ਕਸ਼ਮੀਰ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜਰ ਲਈ ਰਵਾਨਗੀ ਪਾ ਦਿੱਤੀ।
ਜਿਸਤੋਂ ਬਾਅਦ ਜਿਵੇਂ ਹੀ ਤਰਨਤਾਰਨ ਜ਼ਿਲ੍ਹੇ ਦੇ ਪੀੜਤ ਪੱਤਰਕਾਰ ਕਿਰਪਾਲ ਸਿੰਘ ਰੰਧਾਵਾ ਸਮੇਤ ਵਾਪਿਸ ਜਾ ਰਹੇ ਸਨ ਤਾਂ ਪੁਲਿਸ ਲਾਈਨ ਲਈ ਰਵਾਨਾ ਕੀਤੇ ਗਏ ਨਾਮਜਦ ਕਰਮਚਾਰੀ ਓਸੇ ਨਾਕੇ 'ਤੇ ਤਾਇਨਾਤ ਸਨ। ਜਿੰਨਾ ਨੇ ਪੱਤਰਕਾਰ ਰੰਧਾਵਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗਾਲੀ ਗਲੌਚ ਕਰਦਿਆਂ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਏਸੇ ਦੌਰਾਨ ਅੰਮ੍ਰਿਤਧਾਰੀ ਕਿਸਾਨ ਆਗੂ ਦੀ ਦਸਤਾਰ ਉਤਾਰ ਦਿੱਤੀ ਗਈ। ਮੌਕੇ ਦੀ ਵੀਡਿਓ ਬਣਾ ਰਹੇ ਦੋ ਆਗੂਆਂ ਦੇ ਮੋਬਾਇਲ ਪੁਲਿਸ ਕਰਮਚਾਰੀਆਂ ਵੱਲੋਂ ਖੋ ਲੈਣ ਦੇ ਬਾਅਦ ਹਵਲਦਾਰ ਪ੍ਰਿਤਪਾਲ ਸਿੰਘ ਸਾਥੀ ਪੁਲਿਸ ਕਰਮਚਾਰੀ ਦੀ ਕਾਰਬਾਈਨ ਖੋ ਕੇ ਜਾਨੋ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।