ਨਸ਼ਾ ਤਸਕਰ ਦੀ ਚੱਪਲਾਂ ਨਾਲ ਛਿੱਤਰ ਪਰੇਡ, ਚਿੱਟੇ ਦੀ ਆਦੀ 19 ਸਾਲ ਦੀ ਕੁੜੀ ਨੂੰ ਵੀ ਲੋਕਾਂ ਨੇ ਕੀਤਾ ਕਾਬੂ ਫਾਜ਼ਿਲਕਾ:ਪੰਜਾਬ ਸਰਕਾਰ ਵੱਲੋਂ ਭਾਵੇਂ ਨਸ਼ੇ ਉੱਤੇ ਕਾਬੂ ਦੇ ਤਮਾਮ ਦਾਅਵੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਮੁਹਿੰਮਾਂ ਨਾਲ ਚਿੱਟੇ ਉੱਤੇ ਕੰਟਰੋਲ ਸਬੰਧੀ ਵੀ ਕਿਹਾ ਜਾ ਰਿਹਾ ਹੈ। ਪਰ ਸਰਹੱਦੀ ਕਸਬੇ ਜਲਾਲਾਬਾਦ ਸ਼ਹਿਰ ਦੀ ਲੱਲਾ ਬਸਤੀ ਦੇ ਲੋਕਾਂ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਇਲਾਕੇ 'ਚ ਸ਼ਰੇਆਮ ਨਸ਼ੇ ਵਿਕਣ 'ਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ।
ਫੇਸਬੁੱਕ ਉੱਤੇ ਹੋਏ ਲਾਈਵ: ਇਲਾਕਾ ਵਾਸੀਆਂ ਨੇ ਮੁੰਡੇ ਅਤੇ ਕੁੜੀ ਨੂੰ ਕਾਬੂ ਕਰਨ ਮਗਰੋਂ ਸੋਸ਼ਲ ਮੀਡੀਆਂ ਉੱਤੇ ਲਾਈਵ ਹੋਕੇ ਸਾਰੇ ਮਾਮਲੇ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਈ ਜਦੋਂ ਇੱਕ ਮਹਿਲਾ ਨੇ ਚੱਪਲਾਂ ਨਾਲ ਨਸ਼ਾ ਤਸਕਰ ਦੀ ਕੁੱਟਮਾਰ ਕੀਤੀ। ਲੋਕਾਂ ਨੇ ਚਿੱਟਾ ਦੇ ਇੰਜੈਕਸ਼ਨ ਲੈਣ ਆਈ ਕੁੜੀ ਨੂੰ ਸਮਝਾ ਕੇ ਵਾਪਿਸ ਭੇਜ ਦਿੱਤਾ।
ਸ਼ਰੇਆਮ ਵਿਕਦਾ ਹੈ ਨਸ਼ਾ:ਇਲਾਕਾ ਵਾਸੀਆਂ ਨੇ ਦੱਸਿਆ ਕਿ ਕਸਬੇ 'ਚ ਸ਼ਰੇਆਮ ਵਿਕ ਰਹੇ ਨਸ਼ੇ ਕਾਰਨ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ ਅਤੇ ਨਸ਼ੇੜੀ ਲੋਕ ਸਾਰਾ ਦਿਨ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ ਜਿਸ ਕਾਰਣ ਔਰਤਾਂ ਅਤੇ ਲੜਕਿਆਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਕਿਸਾਨ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਿਆਂ 'ਤੇ ਜਲਦ ਤੋਂ ਜਲਦ ਪਾਬੰਦੀ ਲਗਾਈ ਜਾਵੇ ਨਹੀਂ ਤਾਂ ਉਹ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ |
ਇਹ ਵੀ ਪੜ੍ਹੋ:ਲੁਧਿਆਣਾ ਦੇ ਸਾਇਕਲ ਕਾਰੋਬਾਰੀਆਂ ਨੂੰ ਵੱਡਾ ਭਰੋਸਾ, ਪਿਯੂਸ਼ ਗੋਇਲ ਕਰਨਗੇ ਮੁਲਾਕਾਤ
ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਡੀਐੱਸਪੀ ਅਤੁਲ ਸੋਨੀ ਨੇ ਕਿਹਾ ਕਿ ਉਹ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਅਤੇ ਹੁਣ ਤੱਕ ਉਨ੍ਹਾਂ ਨੇ ਇਲਾਕੇ 'ਚ ਨਸ਼ਿਆਂ ਖਿਲਾਫ ਛਾਪੇਮਾਰੀ ਕਰਕੇ 3 ਮਹਿਲਾਵਾਂ ਸਮੇਤ ਕੁੱਲ 6 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਫੜ੍ਹੇ ਗਏ ਨਸ਼ਾ ਤਸਕਰ ਨੂੰ ਉਹ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨਗੇ ਅਤੇ ਪੁੱਛਗਿੱਛ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰਨਗੇ ਕਿ ਤਸਕਰ ਕੋਲ ਚਿੱਟਾ ਕੌਣ ਸਪਲਾਈ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਚਿੱਟਾ ਲੈਣ ਵਾਲੀ ਲੜਕੀ ਕੋਲੋਂ ਸਬੰਧਿਤ ਲੋਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪੂਰੇ ਨੈੱਟਵਰਕ ਨੂੰ ਤੋੜਿਆ ਜਾ ਸਕੇ।