ਫ਼ਤਿਹਗੜ੍ਹ ਸਾਹਿਬ: ਆਪਣਿਆਂ ਦਾ ਦਰਦ ਕੀ ਹੁੰਦਾ ਹੈ ਅਤੇ ਉਸ ਦਰਦ ਨੂੰ ਖਤਮ ਕਰਨ ਲਈ ਇਨਸਾਨ ਕੀ ਕਰ ਸਕਦਾ ਹੈ, ਇਸ ਦੀ ਤਾਜ਼ਾ ਮਿਸਾਲ ਮੰਡੀ ਗੋਬਿੰਦਗੜ੍ਹ ਵਿੱਚ ਦੇਖਣ ਨੂੰ ਮਿਲੀ। ਮੰਡੀ ਗੋਬਿੰਦਗੜ੍ਹ ਵਿੱਚ ਕੰਮ ਕਰਦਾ ਇੱਕ ਪਰਵਾਸੀ ਮਜ਼ਦੂਰ ਮਨੋਜ ਕੁਮਾਰ ਆਪਣੀ ਬਿਮਾਰ ਪਤਨੀ ਦਾ ਇਲਾਜ਼ ਕਰਵਾਉਣ ਲਈ ਕਰਫ਼ਿਊ ਦੌਰਾਨ ਸਾਈਕਲ 'ਤੇ ਹੀ ਲੱਗਭੱਗ 900 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਨਿਕਲ ਗਿਆ।
ਪਾਸ ਹੋਣ ਦੇ ਬਾਵਜੂਦ ਪਰਵਾਸੀ ਮਜ਼ਦੂਰ ਨਹੀਂ ਟੱਪ ਸਕਿਆ ਯੂਪੀ ਬਾਰਡਰ, ਬਿਮਾਰ ਪਤਨੀ ਨੇ ਤੋੜਿਆ ਦੱਮ - ਮੰਡੀ ਗੋਬਿੰਦਗੜ੍ਹ
ਬਿਮਾਰ ਪਤਨੀ ਦਾ ਇਲਾਜ ਕਰਵਾਉਣ ਲਈ ਮੰਡੀ ਗੋਬਿੰਦਗੜ੍ਹ ਤੋਂ ਯੂ.ਪੀ. ਲਈ ਸਾਈਕਲ ਤੇ ਨਿਕਲਿਆ ਮਜ਼ਦੂਰ ਪਰ ਉਸ ਨੂੰ ਹਰਿਆਣਾ-ਯੂਪੀ ਬਾਰਡਰ 'ਤੇ ਕਰਫਿਊ ਪਾਸ ਹੋਣ ਦੇ ਬਾਵਜੂਦ ਵੀ ਵਾਪਸ ਮੋੜ ਦਿੱਤਾ ਗਿਆ ਜਿਸ ਕਾਰਨ ਦੋ ਦਿਨਾਂ ਬਾਅਦ ਮਜ਼ਦੂਰ ਦੀ ਪਤਨੀ ਨੇ ਦੱਮ ਤੋੜ ਦਿੱਤਾ।
ਮਨੋਜ ਦੀ ਮਦਦ ਲਈ ਮੰਡੀ ਗੋਬਿੰਦਗੜ੍ਹ ਦੇ ਕੁੱਝ ਸਮਾਜ ਸੇਵੀ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਸ ਬਣਾ ਕੇ ਵੀ ਦਿੱਤਾ ਗਿਆ, ਪਰ ਜਿਵੇਂ ਹੀ ਉਹ ਸਾਈਕਲ 'ਤੇ ਹਰਿਆਣਾ-ਯੂ.ਪੀ. ਬਾਰਡਰ 'ਤੇ ਪਹੁੰਚੇ ਤਾਂ ਪੁਲਿਸ ਨੇ ਉਸ ਨੂੰ ਬਿਨਾਂ ਕੁੱਝ ਪੁੱਛੇ ਹੀ ਡੰਡਿਆਂ ਨਾਲ ਜਿੱਥੇ ਮਾਰ ਕੁਟਾਈ ਕੀਤੀ ਉੱਥੇ ਉਸ ਨੂੰ ਬੇਰੰਗ ਵਾਪਸ ਮੋੜ ਦਿੱਤਾ।
ਮਜ਼ਦੂਰ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਬਿਮਾਰ ਪਤਨੀ ਦਾ ਇਲਾਜ਼ ਕਰਵਾਉਣ ਲਈ 22 ਅਪ੍ਰੈਲ ਨੂੰ ਘਰ ਜਾ ਰਿਹਾ ਸੀ ਅਤੇ ਉਸ ਕੋਲ ਘਰ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪਾਸ ਵੀ ਸੀ। ਪਰ ਹਰਿਆਣਾ-ਯੂ.ਪੀ. ਬਾਰਡਰ 'ਤੇ ਤਾਇਨਾਤ ਪੁਲਿਸ ਕਰਮੀਆਂ ਨੇ ਉਸ ਦਾ ਪਾਸ ਨਹੀਂ ਦੇਖਿਆ ਅਤੇ ਵਾਪਸ ਭੇਜ ਦਿੱਤਾ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਪਿੱਛੇ ਘਰ ਵਿੱਚ ਬਜ਼ੁਰਗ ਮਾਤਾ ਪਿਤਾ ਤੋਂ ਬਿਨਾਂ ਹੋਰ ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ ਤੇ ਇਲਾਜ ਨਾ ਕਰਵਾ ਸਕਣ ਕਾਰਨ ਉਸ ਦੀ ਬਿਮਾਰ ਪਤਨੀ ਦੀ ਮੌਤ ਹੋ ਗਈ।