ਫ਼ਰੀਦਕੋਟ:ਜ਼ਿਲ੍ਹੇ ਦੇ ਪਿੰਡ ਟਹਿਣਾਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਮੁਸਤੈਦੀ ਦੇ ਚਲਦੇ ਪਿੰਡ 'ਚ ਚੋਰੀ ਦੀ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ। ਪਿੰਡ ਵਾਸੀਆਂ ਨੇ 4 ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਬਲਵਿੰਦਰ ਸਿੰਘ ਤੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਸ਼ਨੀਵਾਰ ਰਾਤ ਨੂੰ ਹੀ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦੇ ਗੁਦਾਮ 'ਚ ਪਾੜ ਲਾਇਆ ਸੀ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਨੇੜਲੇ ਦੁਕਾਨਦਾਰਾਂ ਨੇ ਕੋਆਪਰੇਟਿਵ ਸੁਸਾਇਟੀ ਦੇ ਗੁਦਾਮ 'ਚ ਪਾੜ ਲੱਗਣ ਦੀ ਸੂਚਨਾ ਦਿੱਤੀ। ਪਿੰਡ ਵਾਸੀਆਂ ਵੱਲੋਂ ਚੋਰਾਂ ਦੇ ਮੁੜ ਆਉਣ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਸੀ, ਜਿਸ ਤਹਿਤ ਪਿੰਡ ਵਾਸੀਆਂ ਨੇ ਲੁੱਕ ਕੇ ਨਿਗਰਾਨੀ ਕੀਤੀ ਤੇ ਅੱਧੀ ਰਾਤ ਦੇ ਕਰੀਬ ਕੁੱਝ ਲੋਕ ਸੁਸਾਇਟੀ ਅੰਦਰ ਲਗਾਏ ਗਏ ਪਾੜ ਰਾਹੀਂ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਪਹਿਲਾਂ ਤੋਂ ਮੁਸਤੈਦ ਬੈਠੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਚੋਂ ਚਾਰ ਚੋਰ ਕਾਬੂ ਆਏ ਤੇ ਕੁੱਝ ਭੱਜ ਗਏ।