ਫਰੀਦੋਕਟ: ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ (Punjab Vidhan Sabha Speaker Kultar Sandhawan ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਮ.ਐਲ.ਏ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਕੂਲ ਆਫ ਐਮੀਨੈਂਸ ਤਹਿਤ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਨ ਤੱਕ ਪਹੁੰਚ ਕਰਨ ਦਾ ਟੀਚਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਚੰਨ ਉੱਤੇ ਨਿਸ਼ਾਨਾ ਨਾ ਵੀ ਲੱਗੇ ਤਾਂ ਕਿਸੇ ਚਮਕਦੇ ਸਿਤਾਰੇ ਉੱਤੇ ਤਾਂ ਲੱਗ ਹੀ ਜਾਵੇਗਾ।
ਬੱਚਿਆਂ ਨੂੰ ਆਈ.ਏ.ਐਸ ਅਤੇ ਆਈ.ਪੀ.ਐਸ ਜਿਹੇ ਇਮਤਿਹਾਨਾਂ ਵਿੱਚ ਜੀਅ ਜਾਨ ਅਤੇ ਪੂਰੀ ਸ਼ਿੱਦਤ ਨਾਲ ਕਿਸਮਤ ਅਜਮਾਉਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਮੌਕੇ ਉੱਤੇ ਹਾਜ਼ਰ ਡੀ.ਸੀ. ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਹਰਜੀਤ ਸਿੰਘ ਨੂੰ ਬੱਚਿਆਂ ਦੇ ਸਨਮੁੱਖ ਕਰਦਿਆਂ ਦੋਨਾਂ ਜ਼ਿਲ੍ਹੇ ਦੇ ਅਫਸਰਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸਪੀਕਰ ਸੰਧਵਾਂ ਨੇ ਡੀ.ਸੀ ਅਤੇ ਐਸ.ਐਸ.ਪੀ ਦੇ ਮੱਧ ਵਰਗੀ ਪਰਿਵਾਰਾਂ ਦੇ ਪਿਛੋਕੜ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਇਹ ਦੋ ਬੰਦੇ ਆਪਣੇ ਸਿੱਦਕ ਅਤੇ ਲਗਨ ਨਾਲ ਇਸ ਮੁਕਾਮ ਉੱਤੇ ਪਹੁੰਚ ਸਕਦੇ ਹਨ ਤਾਂ ਤੁਸੀਂ ਵੀ ਇਹ ਟੀਚਾ ਹਾਸਲ ਕਰਨ ਦੀ ਸਮਰੱਥਾ ਰੱਖਦੇ ਹੋ।
ਬੱਚੀਆਂ ਨੂੰ ਨਕਦ ਇਨਾਮ ਰਾਸ਼ੀ: ਸਪੀਕਰ ਸੰਧਵਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਸਮੇਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਦੌਰਾ ਯਾਦ ਕਰਵਾਉਂਦਿਆਂ ਪੁੱਛਿਆ ਕਿ ਸਮਾਗਮ ਵਿੱਚ ਹਾਜ਼ਰ ਕਿੰਨੇ ਬੱਚਿਆਂ ਨੇ ਚੰਡੀਗੜ੍ਹ ਜਾ ਕੇ ਸਭਾ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਲਈ। ਇਸ ਉਪਰੰਤ ਮੌਕੇ ਉੱਤੇ ਹੀ ਉਨ੍ਹਾਂ 1000-1000 ਰੁਪਏ ਦੇ ਦੋ ਸਵਾਲ ਪੁੱਛੇ ਅਤੇ ਕਿਹਾ ਕਿ ਜੋ ਸਹੀ ਜਵਾਬ ਦੇਵੇਗਾ ਉਸ ਨੂੰ ਇਨਾਮ ਮਿਲੇਗਾ। ਸਪੀਕਰ ਸੰਧਵਾਂ ਨੇ ਪੁੱਛਿਆ ਕਿ ਇਹ ਦੱਸਿਆ ਜਾਵੇ ਵਿਧਾਨ ਸਭਾ ਵਿੱਚ ਸਪੀਕਰ ਦਾ ਕੀ ਕੰਮ ਹੁੰਦਾ ਹੈ। ਇਸ ਸਵਾਲ ਦੇ ਜਵਾਬ ਵਜੋਂ 2 ਬੱਚੀਆਂ ਸੁਨੇਹਾ ਅਤੇ ਡੌਲੀ ਨੇ ਵਿਸਥਾਰ ਪੂਰਵਕ ਸਪੀਕਰ ਵਲੋਂ ਕੀਤੇ ਜਾਂਦੇ ਕੰਮਾਂ ਜਿਵੇ ਕਿ ਸੈਸ਼ਨ ਦੌਰਾਨ ਮੋਡਰੇਟਰ ਦੀ ਭੂਮਿਕਾ ਅਤੇ ਵਿਧਾਨ ਸਭਾ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਦੱਸਿਆ ਤਾਂ ਸਪੀਕਰ ਸੰਧਵਾਂ ਨੇ ਤੁਰੰਤ ਬੱਚੀਆਂ ਨੂੰ ਨਕਦ ਇਨਾਮ ਰਾਸ਼ੀ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ।