ਫ਼ਰੀਦਕੋਟ: ਰਾਜਸਥਾਨ ਦੇ ਨਾਲ ਨਾਲ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਫ਼ਸਲਾਂ ਉਪਰ ਟਿੱਡੀ ਦਲ ਵਲੋਂ ਹਮਲੇ ਦੇ ਸੰਕੇਤ ਮਿਲਣ ਲੱਗੇ ਹਨ। ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਟਿੱਡੇ ਮਿਲਣ ਲੱਗੇ ਹਨ ਜਿਸ ਕਾਰਨ ਕਿਸਾਨਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਸਾਨ ਆਪਣੇ ਬੱਚਿਆ ਸਣੇ ਖੇਤਾਂ ਵਿੱਚ ਜਾ ਕੇ ਬਰਤਨ ਖੜਾਉਣ ਲਈ ਮਜ਼ਬੂਰ ਹੋ ਰਹੇ ਹਨ। ਦੂਜੇ ਪਾਸੇ ਖੇਤੀਬਾੜੀ ਵਿਭਾਗ ਵੱਲੋਂ ਹਾਲੇ ਤੱਕ ਕੋਈ ਵੀ ਸੇਫ਼ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਚਿੰਤਾ ਸਤਾਉਣ ਲੱਗੀ ਹੈ।
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਨਵਾਂ ਕਿਲਾ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਣਕ ਦੀ ਫ਼ਸਲ ਵਿੱਚ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿੱਚ ਟਿੱਡੀ ਦਲ ਦੇ ਟਿੱਡੇ ਮਿਲ ਰਹੇ ਹਨ, ਜੋ ਬਹੁਤ ਜਲਦ ਵਧ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੀਆਂ ਫ਼ਸਲਾਂ ਟਿੱਡੀ ਦਲ ਦੀ ਭੇਟ ਨਾ ਚੜ੍ਹ ਜਾਣ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਫ਼ਸਲਾਂ ਦੀ ਰਾਖੀ ਲਈ ਖੇਤਾਂ ਵਿੱਚ ਬੈਠੇ ਹਨ ਅਤੇ ਬਰਤਨ ਖੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਆਫਤ ਵੱਲ ਸਮਾਂ ਰਹਿੰਦੇ ਧਿਆਨ ਦੇਵੇ ਤਾਂ ਜੋ ਕਿਸਾਨਾਂ ਦਾ ਵੱਡੀ ਪੱਧਰ 'ਤੇ ਹੋਣ ਵਾਲਾ ਨੁਕਸਾਨ ਸਮਾਂ ਰਹਿੰਦੇ ਟਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ ਨੇ ਵੀ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ।