ਫ਼ਰੀਦਕੋਟ : ਦੇਰ ਸ਼ਾਮ ਫ਼ਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ। ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਮੀਟਿੰਗ 'ਚ ਸ਼ਮੂਲੀਅਤ ਕੀਤੀ। ਇਥੇ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਤ ਕੀਤਾ।
ਅਕਾਲੀ ਵਰਕਰਾਂ ਨਾਲ ਮੀਟਿੰਗ ਦੌਰਾਨ ਹਰਸਿਮਰਤ ਬਾਦਲ ਨੇ ਸਾਰੇ ਹੀ ਵਰਕਰਾਂ ਨੂੰ ਕਿਸਾਨਾਂ ਦੇ ਹੱਕ 'ਚ ਖੇਤੀ ਸੁਧਾਰ ਕਾਨੂੰਨ ਖਿਲਾਫ ਸਮਰਥਨ ਦੇਣ ਲਈ ਕਿਹਾ। ਉਨ੍ਹਾਂ ਅਕਾਲੀ ਵਰਕਰਾਂ ਨੂੰ 1 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣ ਅਪੀਲ ਕੀਤੀ।
ਪਹਿਲਾਂ ਤੋਂ ਜਾਣਨ ਮਗਰੋਂ ਵੀ ਕੁੰਭਕਰਨੀ ਨੀਂਦ ਸੁੱਤੇ ਰਹੇ ਕੈਪਟਨ ਮੀਟਿੰਗ ਖ਼ਤਮ ਹੋਣ ਮਗਰੋਂ ਪ੍ਰੈਸ ਕਾਨਫਰੰਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਜਮ ਕੇ ਨਿਸਾਨੇ ਸਾਧੇ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਨੇ ਪਿਛਲੇ ਚਾਰ ਸਾਲਾਂ ਦੌਰਾਨ ਜਨਤਾ ਦੀ ਸਾਰ ਨਹੀਂ ਪੁੱਛੀ ਤੇ ਹੁਣ ਉਹ ਕਿਸਾਨਾਂ ਦੇ ਹਿੱਤ ਬਾਰੇ ਸੋਚਣ ਦੀ ਗੱਲ ਕਹਿੰਦੇ ਹਨ। ਬੀਬੀ ਬਾਦਲ ਨੇ ਆਖਿਆ ਕਿ ਕੈਪਟਨ ਸਾਹਿਬ ਨੂੰ ਸਾਲ ਭਰ ਪਹਿਲਾਂ ਤੋਂ ਹੀ ਖੇਤੀ ਆਰਡੀਨੈਂਸਾਂ ਬਾਰੇ ਪਤਾ ਸੀ, ਪਰ ਉਹ ਕੁੰਭਕਰਨੀ ਨੀਂਦ ਸੁੱਤੇ ਰਹੇ। ਹੁਣ ਉਹ ਸਾਡੇ ਉੱਤੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੁਲਾਈ 2019 'ਚ ਜਦ ਕੇਂਦਰ ਨੇ ਸੂਬਾ ਸਰਕਾਰਾਂ ਨਾਲ ਮੀਟਿੰਗ ਕੀਤੀ ਸੀ ਤਾਂ ਮੁਖ ਮੰਤਰੀ ਨੇ ਖ਼ੁਦ ਉਥੇ ਖੇਤੀ ਆਰਡੀਨੈਂਸਾਂ ਲਈ ਹਾਮੀ ਭਰੀ ਸੀ। ਇਸ ਕਾਰਨ ਇਹ ਅੱਜ ਕਾਨੂੰਨ ਲਾਗੂ ਹੋਇਆ ਹੈ।
ਮੁਖ ਮੰਤਰੀ ਦੇ ਖਿਲਾਫ ਬੋਲਦੇ ਹੋਏ ਹਰਸਿਮਰਤ ਕੌਰ ਨੇ ਆਖਿਆ ਕਿ ਜਿਵੇਂ ਖੇਤੀ ਬਿੱਲ ਸੰਸਦ 'ਚ ਪਾਸ ਹੋਏ ਤਾਂ ਕੈਪਟਨ ਸਰਕਾਰ ਨੂੰ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਪੰਜਾਬ ਨੂੰ ਮੰਡੀ ਐਲਾਨ ਕਰ ਦੇਣ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਆਪਣੇ ਨਿੱਜੀ ਹਿੱਤਾਂ ਲਈ ਮੁਖ ਮੰਤਰੀ ਨੇ ਅਜਿਹਾ ਨਾ ਕਰਕੇ ਪੰਜਾਬ ਨਾਲ ਧੋਖਾ ਕੀਤਾ ਹੈ। ਜਦੋਂ ਕਿ ਅਕਾਲੀ ਦਲ ਨੇ ਕਿਸਾਨਾਂ ਦੇ ਹੱਕਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਜਪਾ ਨਾਲ 23 ਸਾਲ ਪੁਰਾਣਾ ਐਨਡੀਏ ਦਾ ਸਾਥ ਛੱਡ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਇੱਕੋ ਮੁੱਦੇ 'ਤੇ ਸਾਰੀ ਹੀ ਪਾਰਟੀਆਂ ਵੱਖ -ਵੱਖ ਧਰਨੇ ਦੇ ਰਹੀਆਂ ਹਨ ਜੋ ਕਿ ਨਿਰਾਸ਼ਾਜਨਕ ਹੈ। ਉਨ੍ਹਾਂ ਕਿਸਾਨ ਜੱਥੇਬੰਦੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਕਾਲੀ ਦਲ ਹਰ ਹਾਲ 'ਚ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਦਾ ਰਹੇਗਾ।