ਫਰੀਦਕੋਟ:ਜ਼ਿਲ੍ਹੇ ਅੰਦਰ ਅੱਜ ਲਗਾਤਾਰ ਦੂਜੇ ਦਿਨ ਸਕੂਲੀ ਵਾਹਨ ਹਾਦਸਾਗ੍ਰਸਤ ਹੋਣ ਨਾਲ 2 ਸਕੂਲੀ ਬੱਚਿਆਂ ਸਮੇਤ 4 ਲੋਕਾਂ ਦੇ ਜ਼ਖ਼ਮੀਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਸੈਂਟ ਮੈਰੀ ਕਾਨਵੈਂਟ ਸਕੂਲ ਦੀ ਇੱਕ ਵੈਨ ਜੋ ਸਾਦਿਕ ਅਤੇ ਨਾਲ ਲੱਗਦੇ ਪਿੰਡਾਂ ਦੇ ਸਕੂਲੀ ਬੱਚਿਆ ਨੂੰ ਘਰਾਂ ਤੋਂ ਲੇ ਕੇ ਸਕੂਲ ਛੱਡਣ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਇਕਲ ਨਾਲ ਟਕਰਾਅ ਕੇ ਪਲਟ ਗਈ। ਜਿਸ ਵਿਚ ਸਵਾਰ 2 ਬੱਚਿਆਂ ਅਤੇ ਵੈਨ ਚਾਲਕ ਨੂੰ ਗੰਭੀਰ ਸੱਟਾਂ ਵੱਜੀਆ, ਜਦੋਂ ਕਿ ਮੋਟਰਸਾਇਕਲ ਚਾਲਕ ਵੀ ਇਸ ਹਾਦਸੇ ਵਿਚ ਬੁਰੀ ਤਰਾ ਜ਼ਖ਼ਮੀ ਹੋ ਗਿਆ। ਇਸ ਹਾਦਸੇ 'ਚ ਬਾਕੀ ਬੱਚਿਆਂ ਦਾ ਬਚਾਅ ਰਿਹਾ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ ਸਾਦਿਕ ਅਤੇ ਫਰੀਦਕੋਟ ਦੇ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ।
ਓਵਰਟੇਕ ਦੇ ਚੱਕਰ 'ਚ ਹੋਇਆ ਹਾਦਸਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਵੈਨ ਦੇ ਡਰਾਇਵਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵੈਨ ਬੱਚਿਆਂ ਨੂੰ ਹਰ ਰੋਜ਼ ਦੀ ਤਰਾਂ ਲੈ ਕੇ ਫਰੀਦਕੋਟ ਵੱਲ ਨੂੰ ਆ ਰਹੀ ਸੀ ਤਾਂ ਸਾਹਮਣੇ ਤੋਂ ਇਕ ਟਰੱਕ ਆ ਰਿਹਾ ਸੀ ਅਤੇ ਉਸ ਦੇ ਪਿੱਛੇ ਇਕ ਮੋਟਰਸਾਇਕਲ ਆ ਰਿਹਾ ਸੀ। ਮੋਟਰਸਾਇਕਲ ਚਾਲਕ ਜਦ ਟਰੱਕ ਨੂੰ ਓਵਰਟੇਕ ਕਰਨ ਲੱਗਾ ਤਾਂ ਉਹ ਸਕੂਲ ਵੈਨ ਨਾਲ ਟਕਰਾਅ ਗਿਆ, ਜਿਸ ਕਾਰਨ ਸਕੂਲ ਵੈਨ ਪਲਟ ਗਈ ਅਤੇ ਪਿੱਛੇ ਤੋਂ ਵੀ ਆ ਕੇ ਇੱਕ ਹੋਰ ਗੱਡੀ ਸਕੂਲ ਵੈਨ ਵਿੱਚ ਵੱਜੀ। ਉਹਨਾਂ ਦੱਸਿਆ ਕਿ 2 ਬੱਚਿਆ ਦੇ ਸੱਟਾਂ ਲੱਗੀਆਂ ਸਨ ਅਤੇ ਡਰਾਇਵਰ ਦੇ ਵੀ ਸੱਟਾਂ ਵੱਜੀਆ ਹਨ। ਉਹਨਾਂ ਦੱਸਿਆ ਕਿ ਮੋਟਰਸਾਇਕਲ ਚਾਲਕ ਕਾਫੀ ਗੰਭੀਰ ਰੂਪ ਵਿਚ ਜ਼ਖ਼ਮੀਂ ਹੋਇਆ ਹੈ।