ਚੰਡੀਗੜ੍ਹ: ਚੰਡੀਗੜ੍ਹ ਵਿਚ ਯੂਪੀ ਸਰਕਾਰ ਵੱਲੋਂ ਗਲੋਬਲ ਇਨਵੈਸਟਰ ਮਿਟ ਲਈ ਇਨਵੈਸਟਰ ਰੋਡ ਸ਼ੋਅ ਕਰਵਾਇਆ ਗਿਆ। ਜਿਸ ਵਿਚ ਵੱਡੇ ਉਦਯੋਗਪਤੀਆਂ ਨੇ ਹਿੱਸਾ ਲਿਆ ਅਤੇ ਯੂਪੀ ਵਿਚ ਉਦਯੋਗਿਕ ਨਿਵੇਸ਼ ਕਰਨ ਦੀ ਇੱਛਾ ਜਾਹਿਰ ਕੀਤੀ। ਪੰਜਾਬ ਤੋਂ ਵੀ ਬਹੁਤ ਸਾਰੇ ਉਦਯੋਗਪਤੀ ਇਸ ਇਨਵੈਸਟਰ ਰੋਡ ਸ਼ੋਅ ਵਿਚ ਪਹੁੰਚੇ। ਉੱਤਰ ਪ੍ਰਦੇਸ ਦੇ ਉਦਯੋਗ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ ਨੇ ਵੀ ਇਨਵੈਸਟਰਾਂ ਨੂੰ ਯੂਪੀ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ।
ਪੰਜਾਬ ਦੇ ਕਈ ਉਦਯੋਗਪਤੀਆਂ ਨੇ ਯੂਪੀ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਵਿਖਾਈ:-ਇਸ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਨੰਦ ਗੋਪਾਲ ਨੰਦੀ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਭਾਰਤ ਇੰਡਸਟਰੀ ਲਗਾਉਣ ਲਈ ਸਭ ਤੋਂ ਵਧੀਆ ਥਾਂ ਹੈ। ਦੁਨੀਆਂ ਦੇ 16 ਦੇਸ਼ਾਂ ਅਤੇ 21 ਸ਼ਹਿਰਾਂ ਵਿਚ ਰੋਡ ਸ਼ੋਅ ਕੀਤੇ ਗਏ, ਜਿੱਥੇ ਭਰਵਾਂ ਹੁੰਗਾਰਾ ਮਿਲਿਆ। ਉਹਨਾਂ ਦੱਸਿਆ ਕਿ ਯੂਪੀ ਸਰਕਾਰ ਨੂੰ 7 ਲੱਖ 21 ਕਰੋੜ ਰੁਪਏ ਦੇ ਐਮ.ਓ.ਯੂ ਮਿਲੇ। ਉਹਨਾਂ ਆਖਿਆ ਕਿ ਦੇਸ਼ ਦੇ ਕਈ ਵੱਡੇ ਘਰਾਣਿਆਂ ਨੇ ਵੀ ਉਹਨਾਂ ਨਾਲ ਹੱਥ ਮਿਲਾਇਆ। ਇਸ ਇਨਵੈਸਟਰ ਰੋਡ ਸ਼ੋਅ ਵਿਚ ਪੰਜਾਬ ਦੇ ਕਈ ਉਦਯੋਗਪਤੀਆਂ ਨੇ ਯੂਪੀ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਵਿਖਾਈ।
ਪੰਜਾਬ ਸਰਕਾਰ ਨੂੰ ਅਮਨ ਤੇ ਕਾਨੂੰਨ ਬਹਾਲ ਰੱਖਣਾ ਯੂਪੀ ਸਰਕਾਰ ਤੋਂ ਸਿੱਖਣਾ ਚਾਹੀਦਾ:-ਇਸ ਦੌਰਾਨ ਮੌਕੇ ਅਮਰੀਕਾ 'ਚ ਰਹਿਣ ਵਾਲੇ ਇਕ ਉਦਯੋਗਪਤੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਮਰੀਕਾ ਵਿਚ ਰਹਿੰਦੇ ਹਨ, ਪਰ ਉਹ ਯੋਗੀ ਦੀ ਉਦਯੋਗ ਨੀਤੀ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਵਿਚ ਕਈ ਕੰਪਨੀਆਂ ਸਥਾਪਿਤ ਕੀਤੀਆਂ ਹਨ ਅਤੇ ਹੁਣ ਵਿਚ ਕੰਪਨੀ ਲਗਾਉਣ ਦੇ ਚਾਹਵਾਨ ਹਨ। ਯੂਪੀ ਸਰਕਾਰ ਨੇ ਕੁੱਝ ਸਾਲਾਂ ਵਿਚ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਕਰ ਵਿਖਾਇਆ। ਪੰਜਾਬ ਸਰਕਾਰ ਨੂੰ ਵੀ ਯੂਪੀ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਬਹਾਲ ਰੱਖਣਾ ਚਾਹੀਦਾ ਹੈ। ਯੂਪੀ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹਨ।