ਚੰਡੀਗੜ੍ਹ: ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਲ ਵਿਭਾਗ ਨਾਲ ਸਬੰਧਤ ਦਸਤਾਵੇਜ਼ਾਂ ਦੀ ਐਮਬੌਸਿੰਗ (ਜ਼ਮੀਨ-ਜਾਇਦਾਦ ਦੇ ਦਸਤਾਵੇਜ਼ਾਂ ਦੀ ਤਸਦੀਕ) ਲਈ ਅਪਲਾਈ ਕਰਨ ਵਾਸਤੇ ਆਨਲਾਈਨ ਪੋਰਟਲ eservices.punjab.gov.in ਦੀ ਸ਼ੁਰੂਆਤ ਕੀਤੀ। ਇਸ ਉਪਰਾਲੇ ਨੂੰ ਈ-ਗਵਰਨੈਂਸ ਵੱਲ ਕ੍ਰਾਂਤੀਕਾਰੀ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ, ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀ (ਐਨ.ਆਰ.ਆਈ. ਜਾਂ ਓ.ਸੀ.ਆਈ.) ਨੂੰ ਸੂਬੇ ਵਿੱਚ ਸਥਿਤ ਕਿਸੇ ਜਾਇਦਾਦ ਨੂੰ ਵੇਚਣ/ਖਰੀਦਣ/ਕਿਰਾਏ 'ਤੇ ਦੇਣ/ਕਬਜ਼ਾ ਲੈਣ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਬੰਧਤ ਵਿਅਕਤੀ ਭਾਰਤ ਦਾ ਦੌਰਾ ਨਹੀਂ ਕਰ ਸਕਦਾ ਅਤੇ ਦਸਤਾਵੇਜ਼ਾਂ ਨੂੰ ਰਜਿਸਟਰਡ ਕਰਵਾਉਣ ਲਈ ਸਬ-ਰਜਿਸਟਰਾਰ ਦਫ਼ਤਰ ਵਿੱਚ ਵਿਅਕਤੀਗਤ ਤੌਰ 'ਤੇ ਹਾਜ਼ਰ ਨਹੀਂ ਹੋ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਪਰਵਾਸੀ ਭਾਰਤੀਆਂ ਦੀ ਸਹੂਲਤ ਲਈ ਹੁਣ ਸਾਰੀ ਪ੍ਰਕਿਰਿਆ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ, ਜਿਸ ਨਾਲ ਬਿਨੈਕਾਰ ਦਸਤਾਵੇਜ਼ਾਂ ਦੀ ਐਮਬੌਸਿੰਗ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਾਧੂ ਵਿਸ਼ੇਸ਼ਤਾਵਾਂ ਸ਼ਾਮਲ:ਮੁੱਖ ਮੰਤਰੀ ਨੇ ਕਿਹਾ ਕਿ ਇਹ ਦਸਤਾਵੇਜ਼ ਨਿਰਧਾਰਤ ਸ਼ਰਤਾਂ ਦੇ ਆਧਾਰ 'ਤੇ ਵੱਖ-ਵੱਖ ਥਾਵਾਂ ਜਿਵੇਂ ਕਿ ਜ਼ਿਲ੍ਹਾ, ਡਿਵੀਜ਼ਨਲ ਕਮਿਸ਼ਨਰ ਜਾਂ ਵਿੱਤ ਕਮਿਸ਼ਨਰ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇੱਕ ਵਾਰ ਬਿਨੈ-ਪੱਤਰ ਜਮ੍ਹਾਂ ਹੋਣ ਤੋਂ ਬਾਅਦ, ਇਸਦੀ ਸਬੰਧਤ ਸ਼ਾਖਾ ਦੁਆਰਾ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਦਾਇਰਾ ਵਧਾਉਣ ਲਈ ਪੋਰਟਲ ਵਿੱਚ ਕਈ ਵਾਧੂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਦੀ ਮਹੱਤਵਪੂਰਨ ਵਿਸ਼ੇਸ਼ਤਾ ਸਲਾਟ ਬੁਕਿੰਗ (ਸਮਾਂ ਤੇ ਸਥਾਨ ਦੀ ਬੁਕਿੰਗ) ਦੀ ਸਹੂਲਤ ਹੈ, ਜੋ ਕਿ ਬਿਨੈਕਾਰਾਂ ਨੂੰ ਹਰੇਕ ਸਥਾਨ 'ਤੇ ਐਮਬੌਸਿੰਗ ਸੇਵਾ ਲਈ ਆਪਣੀ ਪਸੰਦੀਦਾ ਮਿਤੀ ਅਤੇ ਸਮਾਂ ਚੁਣਨ ਦੇ ਯੋਗ ਬਣਾਉਂਦੀ ਹੈ।