ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਦਲ ਦਾ ਭਵਿੱਖ, ਭਾਜਪਾ ਨਾਲ ਗੱਠਜੋੜ ਕੀਤੇ ਬਿਨ੍ਹਾਂ ਅਕਾਲੀ ਦਲ ਦਾ ਨਹੀਂ ਹੋਣਾ ਪਾਰ ਉਤਾਰਾ! ਚੰਡੀਗੜ੍ਹ :ਸਾਬਕਾ ਮੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇਕ ਅਧਿਆਇ ਖ਼ਤਮ ਹੋ ਗਿਆ ਹੈ, ਜਿਸ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ ਉਸ ਵਿਚ ਕਈ ਚੁਣੌਤੀਆਂ ਅਤੇ ਕਈ ਸਵਾਲਾਂ ਨੇ ਰਾਹ ਮੱਲ੍ਹਿਆ ਹੋਇਆ। ਪੰਥਕ ਮੁੱਦਿਆਂ ਦੀ ਗੱਲ ਕਰ ਰਹੀ ਅਕਾਲੀ ਦਲ ਪੰਜਾਬ ਦੀ ਸਿਆਸਤ ਵਿਚ ਪਿਛੜ ਰਹੀ ਹੈ ਅਤੇ ਪੰਥਕ ਏਜੰਡਾ ਉਹਨਾਂ ਦੇ ਕਿਸੇ ਕੰਮ ਨਹੀਂ ਆ ਰਿਹਾ। ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਪਰਕਾਸ਼ ਸਿੰਘ ਬਾਦਲ ਦੀ ਸਿਆਸਤ ਵਿਚ ਵੱਡੀ ਘਾਲਣਾ ਅਤੇ ਵੱਡਾ ਨਾਂ ਸੀ। ਸੁਖਬੀਰ ਬਾਦਲ ਦਾ ਸਿਆਸੀ ਤਜ਼ਰਬਾ ਅਤੇ ਸਿਆਸੀ ਜੀਵਨ ਸ਼ੈਲੀ ਪਾਰਟੀ ਦੇ ਵਿਚ ਕਈ ਉਤਾਰ ਚੜਾਅ ਲਿਆਈ, ਜਿਥੇ ਪਰਕਾਸ਼ ਸਿੰਘ ਬਾਦਲ ਨੇ ਪਾਰਟੀ ਨੂੰ ਜੋੜ ਕੇ ਰੱਖਿਆ ਅਤੇ ਅਕਾਲੀ ਦਲ ਨੇ ਸਿਆਸਤ ਦਾ ਸਿਖਰ ਛੋਹਿਆ ਉਥੇ ਪਿਛਲੇ 10 ਸਾਲਾਂ ਤੋਂ ਪਾਰਟੀ ਨਿਘਾਰ ਵੱਲ ਗਈ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਵੀ ਨਹੀਂ ਬਣ ਸਕੀ। ਇਸ ਦੌਰ ਵਿਚ ਬਹੁਤ ਸਾਰੇ ਵੱਡੇ ਅਕਾਲੀ ਆਗੂ ਪਾਰਟੀ ਛੱਡ ਕੇ ਚਲੇ ਗਏ। ਹੁਣ ਪਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਦਲ ਆਪਣੇ ਆਪ ਨੂੰ ਕਿਵੇਂ ਸਮੇਟ ਕੇ ਰੱਖ ਸਕਦਾ ਹੈ ? ਪਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਦਲ ਦਾ ਭਵਿੱਖ ਕਿਹੋ ਜਿਹਾ ਰਹਿਣ ਵਾਲਾ ਹੈ ਉਸਤੇ ਚਰਚਾ ਜ਼ਰੂਰੀ ਹੈ।
ਅਕਾਲੀ ਭਾਜਪਾ ਗੱਠਜੋੜ ਦੇ ਮੁੜ ਤੋਂ ਸੰਕੇਤ :ਲੋਕ ਸਭਾ ਚੋਣਾ 2024 ਤੋਂ ਪਹਿਲਾਂ ਪੰਜਾਬ ਦੇ ਵਿਚ ਕਈ ਸਿਆਸੀ ਸਮੀਕਰਨ ਜੁੜਨਗੇ ਅਤੇ ਟੁੱਟਣਗੇ। ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਕੁਝ ਅਜਿਹੀਆਂ ਗੱਲਾਂ ਹੋਈਆਂ ਜੋ 2024 ਲੋਕ ਸਭਾ ਚੋਣਾ ਤੋਂ ਪਹਿਲਾਂ ਅਕਾਲੀ ਦਲ ਦੀ ਤਕਦੀਰ ਦੀ ਨਵੀਂ ਬਿਆਨ ਕਰ ਰਹੀਆਂ ਹਨ। ਪਰਕਾਸ਼ ਸਿੰਘ ਬਾਦਲ ਦੀ ਮੌਤ 'ਤੇ ਜਿਸ ਤਰਾਂ ਰਾਸ਼ਟਰੀ ਸ਼ੋਕ ਐਲਾਨਿਆ ਗਿਆ ਅਤੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਖੁਦ ਬਾਦਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਉਸਦੇ ਡੂੰਘੇ ਅਰਥ ਹਨ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਨੈਸ਼ਨਲ ਲੀਡਰਸ਼ਿਪ ਨੇ ਕਿਸੇ ਖੇਤਰੀ ਪਾਰਟੀ ਦੇ ਲੀਡਰ ਨੂੰ ਸ਼ਰਧਾਂਜਲੀ ਦਿੱਤੀ ਹੋਵੇ ਅਤੇ ਆਰਐਸਐਸ ਨੇ ਖੁਦ ਕਿਸੇ ਲੀਡਰ ਦੀ ਮੌਤ 'ਤੇ ਸ਼ੋਕ ਜਤਾਇਆ ਹੋਵੇ। ਅਜਿਹਾ ਕਦੇ ਵੀ ਨਹੀਂ ਹੋਇਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸੇ ਲੀਡਰ ਨੂੰ ਸ਼ਰਧਾਂਜਲੀ ਦੇਣ ਲਈ ਆਰਟੀਕਲ ਲਿਖਿਆ ਹੋਵੇ। ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਜਗਤਾਰ ਸਿੰਘ ਦੇ ਨਜ਼ਰੀਏ ਅਨੁਸਾਰ ਅਕਾਲੀ ਭਾਜਪਾ ਗੱਠਜੋੜ ਦੇ ਸੰਕੇਤ ਮਿਲ ਰਹੇ ਹਨ। ਉਹਨਾਂ ਨੇ ਆਪਣੇ ਪੂਰੇ ਕਰੀਅਰ ਵਿਚ ਕਦੇ ਵੀ ਪੰਜਾਬ ਦੇ ਕਿਸੇ ਨੇਤਾ ਦੀ ਮੌਤ 'ਤੇ ਪੂਰਾ ਰਾਸ਼ਟਰ ਸ਼ੋਕ ਵਿਚ ਡੁੱਬਿਆ ਨਹੀਂ ਵੇਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਆਰਟੀਕਲ ਲਿਖਣਾ ਕਈ ਇਸ਼ਾਰੇ ਕਰਦਾ ਹੈ। ਕਿਸਾਨੀ ਸੰਘਰਸ਼ ਵੇਲੇ ਟੁੱਟਿਆ ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਮੁੜ ਤੋਂ ਸੁਰਜੀਤ ਹੋ ਸਕਦਾ ਹੈ।
ਬਰਗਾੜੀ ਕਾਂਡ ਨੇ ਮਾਰੀ ਪੰਥਕ ਅਧਾਰ ਨੂੰ ਸੱਟ:ਅਕਾਲੀ ਦਲ ਦੇ ਇਤਿਹਾਸ ਤੇ ਨਜ਼ਰ ਮਾਰੀਏ ਅਕਾਲੀ ਦਲ ਪੰਥਕ ਪਾਰਟੀ ਵਜੋਂ ਹੋਂਦ ਵਿਚ ਆਈ। ਪ੍ਰਕਾਸ਼ ਸਿੰਘ ਬਾਦਲ ਪੰਥ ਦਾ ਏਜੰਡਾ ਛੱਡ ਕੇ ਪੰਜਾਬ ਵੱਲ ਆ ਗਏ ਜਿਸ ਕਰਕੇ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹੋਈ। ਜਿਸਦੇ ਸਿੱਟੇ ਵਜੋਂ ਅਕਾਲੀ ਦਲ ਦੀ ਪੰਥਕ ਵੋਟ ਨੂੰ ਖੋਰਾ ਵੀ ਲੱਗਾ। ਪੰਥਕ ਵੋਟ ਹਮੇਸ਼ਾ ਕਾਇਮ ਰਹਿੰਦੀ ਹੈ ਜੇਕਰ ਲੀਡਰਸ਼ਿਪ ਅਤੇ ਉਸਦੀਆਂ ਨੀਤੀਆਂ ਰਾਜਨੀਤਿਕ ਦੇ ਨਾਲ ਪੰਥ ਅਧਾਰਿਤ ਹੋਣ। ਪੰਥਕ ਸਿਆਸਤ ਵਿਚ ਅਕਾਲੀ ਦਲ ਨੂੰ ਪਹਿਲੀ ਅਤੇ ਆਖਰੀ ਸੱਟ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਦੀ ਲੱਗੀ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿਣ ਤੋਂ ਬਾਅਦ ਅਤੇ 'ਫਖਰ ਏ ਕੌਮ' ਵਰਗੇ ਸਨਮਾਨ ਹਾਸਲ ਕਰਨ ਤੋਂ ਬਾਅਦ ਉਹਨਾਂ ਦਾ ਸਿਆਸਤ ਵਿਚ ਤੇਜ਼ ਧੁੰਦਲਾ ਪਿਆ ਅਤੇ ਉਹ ਆਪਣੀ ਜ਼ਿੰਦਗੀ ਦੀ ਅਖੀਰਲੀ ਚੋਣ ਵੱਡੇ ਮਾਰਜਨ ਨਾਲ ਹਾਰੇ। ਸੁਖਬੀਰ ਬਾਦਲ ਨੇ 2008 ਤੋਂ ਪਾਰਟੀ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਹੁਣ ਸੁਖਬੀਰ ਬਾਦਲ ਤੈਅ ਕਰਨਗੇ ਕਿ ਆਪਣੀ ਪਾਰਟੀ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਚੱਲਣਾ ਹੈ। ਇਹ ਸੁਖਬੀਰ ਬਾਦਲ ਲਈ ਵੀ ਪ੍ਰੀਖਿਆ ਦੀ ਘੜੀ ਹੈ ਕਿਉਂਕਿ ਬਹੁਤ ਸਾਰੇ ਸੀਨੀਅਰ ਆਗੂ ਪਾਰਟੀ ਛੱਡ ਕੇ ਚਲੇ ਗਏ ਹਨ। ਪੰਥਕ ਅਧਾਰ ਅਕਾਲੀ ਦਲ ਗੁਆ ਚੁੱਕੀ ਹੈ ਹੁਣ ਸਿਆਸੀ ਮੈਦਾਨ ਵਿਚ ਪਕੜ ਮਜ਼ਬੁਤ ਬਣਾਉਣੀ ਜ਼ਰੂਰੀ ਹੈ। ਕਿਉਂਕਿ ਜਦੋਂ ਵੱਡੇ ਲੀਡਰ ਅਲੱਗ ਹੁੰਦੇ ਹਨ ਤਾਂ ਪਾਰਟੀ ਨੂੰ ਫ਼ਰਕ ਜ਼ਰੂਰ ਪੈਂਦਾ ਹੈ।
ਇਹ ਵੀ ਪੜ੍ਹੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਪਰਕਾਸ਼ ਸਿੰਘ ਬਾਦਲ ਨਾਲ ਸਾਂਝੀਆਂ ਕੀਤੀਆਂ 'ਮਿੱਠੀਆਂ ਯਾਦਾਂ'
ਸੀਨੀਅਰ ਲੀਡਰਸ਼ਿਪ ਮੰਨੇਗੀ ਸੁਖਬੀਰ ਬਾਦਲ ਦੀ ਪ੍ਰਧਾਨਗੀ:ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਜਗਤਾਰ ਸਿੰਘ ਕਹਿੰਦੇ ਹਨ ਕਿ ਅਕਾਲੀ ਦਲ ਵਿਚ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੋਵਾਂ ਦੇ ਕੰਮ ਕਰਨ ਦੀ ਰਣਨੀਤੀ ਵੱਖਰੀ ਰਹੀ। ਪਰਕਾਸ਼ ਸਿੰਘ ਬਾਦਲ ਆਪਸੀ ਸਹਿਮਤੀ ਅਤੇ ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਦੇ ਸਨ ਜਦਕਿ ਸੁਖਬੀਰ ਬਾਦਲ ਦਾ ਸਟਾਈਲ ਵਰਕਿੰਗ ਹੈ ਅਤੇ ਉਹ ਆਪਸੀ ਸਹਿਮਤੀ ਬਣਾ ਕੇ ਨਹੀਂ ਚੱਲਦੇ। ਸੁਖਬੀਰ ਬਾਦਲ ਦਾ ਆਪਣਾ ਇਕ ਧੜਾ ਹੈ ਅਤੇ ਉਸ ਧੜੇ ਵਿਚ ਜ਼ਿਆਦਾਤਰ ਲੋਕ ਸਿਆਸੀ ਸਮਝ ਨਹੀਂ ਰੱਖਦੇ। ਪੰਥਕ ਸਿਆਸਤ ਦਾ ਬਹੁਤ ਹੀ ਗੁੰਝਲਦਾਰ ਹੈ ਜਿਸਤੇ ਪਰਕਾਸ਼ ਸਿੰਘ ਬਾਦਲ ਬਹੁਤ ਸੰਤੁਲਨ ਨਾਲ ਚੱਲਦੇ ਰਹੇ। ਹਾਲਾਂਕਿ 2012 ਤੋਂ 17 ਵਾਲੇ ਕਾਰਜਕਾਲ ਵਿਚ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕੁਝ ਗਲਤੀਆਂ ਹੋਈਆਂ। 1989 ਵਿਚ ਵੀ ਅਕਾਲੀ ਦਲ ਪੰਜਾਬ ਦੀ ਸਿਆਸਤ ਤੋਂ ਹਾਸ਼ੀਏ 'ਤੇ ਆ ਗਈ ਸੀ ਪਰ ਪਰਕਾਸ਼ ਸਿੰਘ ਬਾਦਲ ਨੇ ਸਥਿਤੀ ਸੰਭਾਲਦਿਆਂ ਇਸਨੂੰ ਮੁੜ ਲੀਹਾਂ 'ਤੇ ਲੈ ਆਂਦਾ। ਜਦਕਿ ਸੁਖਬੀਰ ਬਾਦਲ ਦੀ ਨੁਮਾਇੰਦਗੀ ਹਮੇਸ਼ਾ ਸਵਾਲਾਂ ਦੇ ਘੇਰੇ 'ਚ ਰਹੀ ਅਤੇ ਪਾਰਟੀ ਨੇ ਆਪਣਾ ਏਜੰਡਾ ਵੀ ਛੱਡਿਆ। ਹੁਣ ਸੁਖਬੀਰ ਬਾਦਲ ਦੇ ਹੱਥ ਵਿਚ ਸਾਰੀ ਬਾਜ਼ੀ ਹੈ ਇਹ ਵੇਖਣਾ ਦਿਲਚਸਪ ਹੈ ਕਿ ਉਹ ਬਾਜ਼ੀ ਕਿਵੇਂ ਪਲਟਦੇ ਹਨ ?