ਚੰਡੀਗੜ੍ਹ: ਰਾਜ ਸਭਾ ਤੋਂ ਜਿਵੇਂ ਸੰਸਦ ਮੈਂਬਰ ਰਾਘਵ ਚੱਢਾ ਨੂੰ ਤਿੰਨ ਦਿਨਾਂ ਲਈ ਮੁਅਤਲ ਕੀਤਾ ਗਿਆ, ਤਾਂ ਸਿਆਸੀ ਮਾਹੌਲ ਗਰਮਾ ਗਿਆ ਅਤੇ ਪੰਜਾਬ ਤੋਂ ਚੁਣ ਕੇ ਗਏ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਸੁਰਖੀਆਂ ਵਿੱਚ ਆ ਗਿਆ। ਰਾਘਵ ਚੱਢਾ ਨਾਲ ਜੁੜਿਆ ਇਹ ਕੋਈ ਪਹਿਲਾਂ ਵਿਵਾਦ ਨਹੀਂ ਹੈ ਇਸ ਤੋਂ ਪਹਿਲਾਂ ਵੀ ਉਹ ਕਈ ਵਿਵਾਦਾਂ ਵਿੱਚ ਰਹਿ ਚੁੱਕੇ ਹਨ।
ਪੰਜਾਬ ਵਿੱਚ ਰਾਜ ਸਭਾ ਮੈਂਬਰ ਚੁਣੇ ਜਾਣ ਉੱਤੇ ਵਿਰੋਧ: ਦੱਸ ਦਈਏ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੇ ਜਾਣ ਤੋਂ ਬਾਅਦ ਰਾਘਵ ਚੱਢਾ ਨੂੰ ਸੰਸਦ ਮੈਂਬਰ ਚੁਣਿਆ ਗਿਆ ਸੀ ਜਿਸ ਦਾ ਵੱਡੇ ਪੱਧਰ ਉੱਤੇ ਵਿਰੋਧ ਪੰਜਾਬ ਦੇ ਲੋਕਾਂ ਅਤੇ ਸਿਆਸਤਦਾਨਾਂ ਨੇ ਕੀਤਾ ਸੀ। ਸੋਸ਼ਲ ਮੀਡੀਆ ਰਾਹੀਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਸਨ ਕਿ ਬਦਲਾ ਦੇ ਨਾਮ ਉੱਤੇ ਬਣੀ ਪੰਜਾਬ ਸਰਕਾਰ ਨੂੰ ਰਾਜ ਸਭਾ ਮੈਂਬਰ ਚੁਣਨ ਲਈ ਇੱਕ ਗੈਰ ਪੰਜਾਬੀ ਨਾਮ ਹੀ ਕਿਉਂ ਲੱਭਿਆ। ਕਰੋੜਾਂ ਪੰਜਾਬੀਆਂ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਨ ਯੋਗ ਕਾਬਲੀਅਤ ਹੋਰ ਕਿਸੇ ਵਿੱਚ ਵੀ ਨਹੀਂ ਸੀ।
ਬੰਗਲਾ ਵਿਵਾਦ:ਇਸ ਤੋਂ ਪਹਿਲਾਂ ਰਾਘਵ ਚੱਢਾ ਬੰਗਲਾ ਵਿਵਾਦ ਵਿੱਚ ਘਿਰ ਚੁੱਕੇ ਹਨ। ਦਰਅਸਲ,ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ ਲੁਟੀਅਨ ਜ਼ੋਨ ਵਿੱਚ ਬਤੌਰ ਸਾਂਸਦ ਟਾਈਪ 7 ਬੰਗਲਾ ਅਲਾਟ ਕੀਤਾ ਗਿਆ ਸੀ। ਨਿਯਮਾਂ ਤੋਂ ਪਰੇ ਜਾ ਕੇ ਵੀਆਈਪੀ ਬੰਗਲਾ ਅਲਾਟਮੈਂਟ ਦੇ ਮੁੱਦੇ ਨੇ ਬਾਅਦ ਵਿੱਚ ਤੂਲ ਫੜ ਲਈ। ਇਸ ਤੋਂ ਬਾਅਦ, ਰਾਜ ਸਭਾ ਸਕੱਤਰੇਤ ਨੇ ਉਨ੍ਹਾਂ ਦਾ ਬੰਗਲਾ ਰੱਦ ਕਰ ਦਿੱਤਾ। ‘ਆਪ’ ਸੰਸਦ ਮੈਂਬਰ ਨੇ ਰਾਜ ਸਭਾ ਸਕੱਤਰੇਤ ਦੇ ਇਸ ਹੁਕਮ ਖ਼ਿਲਾਫ਼ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਦੱਸ ਦੇਈਏ ਕਿ ਪਹਿਲੀ ਵਾਰ ਸੰਸਦ ਮੈਂਬਰ ਬਣਨ ਵਾਲੇ ਜਨ ਪ੍ਰਤੀਨਿਧਾਂ ਨੂੰ ਸਰਕਾਰੀ ਰਿਹਾਇਸ਼ ਟਾਈਪ-ਵੀ ਸ਼੍ਰੇਣੀ ਵਿੱਚ ਅਲਾਟ ਕੀਤੀ ਜਾਂਦੀ ਹੈ, ਪਰ ਰਾਘਵ ਚੱਢਾ ਨੂੰ ਅਸਥਾਈ ਤੌਰ ‘ਤੇ ਟਾਈਪ-7 ਬੰਗਲਾ ਅਲਾਟ ਕੀਤਾ ਗਿਆ ਸੀ। ਟਾਈਪ-VII ਬੰਗਲੇ ਆਮ ਤੌਰ 'ਤੇ ਸਾਬਕਾ ਕੇਂਦਰੀ ਮੰਤਰੀਆਂ, ਰਾਜਪਾਲਾਂ ਜਾਂ ਮੁੱਖ ਮੰਤਰੀਆਂ ਨੂੰ ਦਿੱਤੇ ਜਾਂਦੇ ਹਨ। ਇਹ ਮਾਮਲਾ ਵਿਵਾਦ ਵਿੱਚ ਆਉਣ ਤੋਂ ਬਾਅਦ ਸਬੰਧਤ ਏਜੰਸੀ ਵੱਲੋਂ ਆਰਜ਼ੀ ਤੌਰ ’ਤੇ ਅਲਾਟ ਕੀਤੇ ਗਏ ਟਾਈਪ 7 ਬੰਗਲੇ ਨੂੰ ਰੱਦ ਕਰ ਦਿੱਤਾ ਗਿਆ ਸੀ।
ਮੰਗਣੀ ਉੱਤੇ ਸਾਬਕਾ ਜਥੇਦਾਰ ਦੇ ਆਉਣ ਨੂੰ ਲੈਕੇ ਵਿਵਾਦ: ਦੱਸ ਦਈਏ ਰਾਘਵ ਚੱਢਾ ਦੀ ਮੰਗਣੀ ਬਾਲੀਵੁੱਡ ਅਦਾਕਾਰਾ ਪਰਣਿਤੀ ਚੋਪੜਾ ਨਾਲ ਜਦੋਂ ਹੋਈ ਤਾਂ ਉਸ ਸਮੇਂ ਤਤਕਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਸਨ। ਜਿਸ ਤੋਂ ਬਾਅਦ ਵੱਡਾ ਵਿਵਾਦ ਹੋਇਆ ਸੀ। ਇਸ ਵਿਵਾਦ ਦਾ ਕਾਰਣ ਸੀਐੱਮ ਮਾਨ ਦੀਆਂ ਐੱਸਜੀਪੀਸੀ ਵਿਰੁੱਧ ਚੱਲ ਰਹੀਆਂ ਕਾਰਵਾਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਸਾਬਕਾ ਜਥੇਦਾਰ ਨੂੰ ਅੰਦਰ ਖਾਤੇ ਐੱਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋ ਵੀ ਵਿਰੋਧ ਸਹਿਣਾ ਪਿਆ ਸੀ ਅਤੇ ਆਖਿਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕਰ ਦਿੱਤਾ ਗਿਆ ਅਤੇ ਗਿਆਨੀ ਰਘਬੀਰ ਸਿੰਘ ਨੂੰ ਨਵਾਂ ਜਥੇਦਾਰ ਥਾਪਿਆ ਗਿਆ।