ਚੰਡੀਗੜ੍ਹ:ਸਟੇਟ ਆਪਰੇਸ਼ਨ ਸੈੱਲ ਵਲੋਂ ਹਿਮਾਚਲ ਪ੍ਰਦੇਸ਼ ਤੋਂ ਗੋਲਡੀ ਬਰਾੜ ਦਾ ਗੁਰਗਾ ਇੰਦਰਪ੍ਰੀਤ ਸਿੰਘ ਉੱਰਫ ਪੈਰੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਖੀ ਗੌਰਵ ਯਾਦਵ ਵਲੋਂ ਬਕਾਇਦਾ ਇਸਦੀ ਪੁਸ਼ਟੀ ਟਵੀਟ ਕਰਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਉੱਤੇ ਧਾਰਾ 307 ਦੇ ਪੰਜਾਬ ਤੇ ਹਰਿਆਣਾ ਵਿੱਚ ਦਰਜਨਾਂ ਕੇਸ ਦਰਜ ਹਨ। ਫਰੀਦਕੋਟ ਵਿੱਚ ਪ੍ਰਦੀਪ ਸਿੰਘ ਦੀ ਹੱਤਿਆ ਮਾਮਲੇ ਵਿੱਚ ਇਹ ਨਾਮਜਦ ਹੈ। ਇਹ ਮੁਲਜ਼ਮ ਗੋਲਡੀ ਬਰਾੜ ਦਾ ਸਰਗਰਮ ਮੈਂਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ।
ਹਿਮਾਚਲ ਦੇ ਸੁੰਦਰ ਨਗਰ ਤੋਂ ਗ੍ਰਿਫਤਾਰੀ:ਇਸ ਮਾਮਲੇ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਕੈਨੇਡਾ ਅਧਾਰਤ ਅੱਤਵਾਦੀ ਗੋਲਡੀ ਬਰਾੜ ਦੇ ਸਰਗਰਮ ਕਾਰਕੁਨ ਨੂੰ ਹਿਮਾਚਲ ਦੇ ਸੁੰਦਰ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਰੀ 2011 ਵਿੱਚ ਡੀਏਵੀ ਕਾਲਜ, ਚੰਡੀਗੜ੍ਹ ਵਿੱਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਗ੍ਰਿਫਤਾਰ ਮੁਲਜ਼ਮ ਦੀ ਸ਼ਮੂਲੀਅਤ ਪਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਵਿੱਚ ਵੀ ਦੱਸੀ ਜਾ ਰਹੀ ਹੈ, ਜਿਸ ਨੂੰ 10 ਨਵੰਬਰ, 2022 ਨੂੰ ਕੋਟਕਪੂਰਾ ਵਿੱਚ ਉਸਦੀ ਦੁਕਾਨ ਦੇ ਬਾਹਰ ਛੇ ਵਿਅਕਤੀਆਂ ਵੱਲੋਂ ਮਾਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਸਮੇਂ ਵੀ ਉਸਦੀ ਅਹਿਮ ਭੂਮਿਕਾ ਰਹੀ ਸੀ।
ਇਹ ਵੀ ਪੜ੍ਹੋ:ਬਠਿੰਡਾ 'ਚ ਭਾਜਪਾ ਆਗੂਆਂ ਨੇ ਘੇਰੀ ਸਰਕਾਰ, ਕਾਨੂੰਨ ਪ੍ਰਬੰਧ ਅਤੇ ਕਿਸਾਨਾਂ ਦੇ ਮੁੱਦੇ 'ਤੇ ਚੁੱਕੇ ਸਵਾਲ
ਟਾਰਗੇਟ ਕਿਲਿੰਗ ਵਿੱਚ ਭੂਮਿਕਾ:ਉਨ੍ਹਾਂ ਕਿਹਾ ਕਿ ਯੋਜਨਾਬੱਧ ਤਫ਼ਤੀਸ਼ ਅਤੇ ਮਿਲੇ ਸੁਰਾਗਾਂ ਤੋਂ ਬਾਅਦ ਐਸਐਸਓਸੀ ਮੁਹਾਲੀ ਦੀਆਂ ਪੁਲਿਸ ਟੀਮਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਪੈਰੀ ਦੇ ਟਿਕਾਣੇ ਦਾ ਪਤਾ ਲਗਾਇਆ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਉਸਨੂੰ ਸੁੰਦਰ ਨਗਰ ਵਿਖੇ ਇੱਕ ਹੋਟਲ ਤੋਂ ਗ੍ਰਿਫਤਾਰ ਕਰ ਲਿਆ। ਪਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਵਿੱਚ ਪੈਰੀ ਦੀ ਭੂਮਿਕਾ ਦਾ ਖੁਲਾਸਾ ਕਰਦਿਆਂ ਡੀਜੀਪੀ ਨੇ ਦੱਸਿਆ ਕਿ 7 ਨਵੰਬਰ 2022 ਨੂੰ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਪੈਰੀ ਨੇ ਹਰਸ਼ਵੀਰ ਸਿੰਘ ਬਾਜਵਾ ਨੂੰ 20,000 ਰੁਪਏ ਨਕਦ ਦਿੱਤੇ ਅਤੇ ਇਹ ਰਕਮ ਮਨਪ੍ਰੀਤ ਸਿੰਘ ਉਰਫ਼ ਮਨੀ, ਜੋ ਪਰਦੀਪ ਸਿੰਘ ਕਤਲ ਕਾਂਡ ਦਾ ਮੁਲਜ਼ਮ ਹੈ, ਦੇ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ। ਹਰਸ਼ਵੀਰ ਅਤੇ ਮਨੀ ਨੂੰ ਪੰਜਾਬ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਪੈਰੀ ਨੂੰ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਮਾਰਚ 2022 ਵਿੱਚ ਆਰਮਜ਼ ਐਕਟ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਗਲਾਕ ਪਿਸਤੌਲ ਅਤੇ ਇੱਕ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ। ਇਸ ਮਾਮਲੇ 'ਚ ਉਹ ਕਰੀਬ 2 ਮਹੀਨੇ ਬੁੜੈਲ ਜੇਲ੍ਹ 'ਚ ਰਿਹਾ ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਹੋ ਗਈ। ਉਹ 2021 ਵਿੱਚ ਜ਼ਮਾਨਤ ਹੋਣ ਤੱਕ ਜੇਲ੍ਹ ਵਿੱਚ ਰਿਹਾ। ਦੱਸਣਯੋਗ ਹੈ ਕਿ ਮੁਲਜ਼ਮ ਪੈਰੀ ਨੂੰ ਆਈਪੀਸੀ ਦੀਆਂ ਧਾਰਾਵਾਂ 153, 153-ਏ, 212, 216 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।