ਚੰਡੀਗੜ੍ਹ (ਡੈਸਕ) :ਅੱਜ ਦੇਸ਼ ਨੂੰ ਨਵਾਂ ਸੰਸਦ ਭਵਨ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਪੀਐਮ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪੂਜਾ ਕੀਤੀ। ਇਸ ਦੇ ਨਾਲ ਹੀ 21 ਪਾਰਟੀਆਂ ਨੇ ਇਸ ਉਦਘਾਟਨੀ ਪ੍ਰੋਗਰਾਮ ਦਾ ਬਾਈਕਾਟ ਕੀਤਾ ਹੈ। ਇਸ ਦੌਰਾਨ ਲਾਂਚ ਦੇ ਤੁਰੰਤ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵਲੋਂ ਬਕਾਇਦਾ ਟਵੀਟ ਕਰਕੇ ਨਵੇਂ ਸੰਸਦ ਭਵਨ ਦੇ ਉਦਘਾਟਨ ਮਗਰੋਂ ਲੋਕਾਂ ਨੂੰ ਵਧਾਈ ਦਿੱਤੀ ਹੈ।
ਮੋਦੀ ਲਈ ਵੀ ਲਿਖੇ ਦੋ ਸ਼ਬਦ :ਆਪਣੇ ਟਵੀਟ ਵਿੱਚ ਕੈਪਟਨ ਨੇ ਕਿਹਾ ਕਿ ਮੈਂ ਨਵੀਂ ਸੰਸਦ ਭਵਨ ਦੇ ਉਦਘਾਟਨ 'ਤੇ ਸਾਡੇ ਮਹਾਨ ਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਸਾਡੇ ਲੋਕਤੰਤਰ ਦਾ ਇਹ ਨਵਾਂ ਮੰਦਿਰ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਇੱਕ ਆਧੁਨਿਕ ਅਤੇ ਸਵੈ-ਨਿਰਭਰ ਭਾਰਤ ਦਾ ਪ੍ਰਤੀਕ ਹੈ। ਸਾਡਾ ਦੇਸ਼ ਤਾਕਤ ਤੋਂ ਤਾਕਤ ਵੱਲ ਵਧਦਾ ਜਾਵੇ।