ਚੰਡੀਗੜ੍ਹ (ਡੈਸਕ) : ਪੰਜਾਬ ਸਰਕਾਰ ਵਲੋਂ ਡਿਫਾਲਟਰ ਹੋਏ ਬਿਜਲੀ ਖਪਤਕਾਰਾਂ ਲਈ ਵੱਡਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਲਈ ਪੰਜਾਬ ਸਰਕਾਰ ਵਲੋਂ ਇਕ ਖਾਸ ਸਕੀਮ ਲਾਂਚ ਕੀਤੀ ਗਈ ਹੈ। ਇਸ ਸਕੀਮ ਬਾਬਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਚੇਚਾ ਟਵੀਟ ਕੀਤਾ ਗਿਆ ਹੈ।
ਮਾਨ ਨੇ ਕੀਤਾ ਟਵੀਟ :ਜਾਣਕਾਰੀ ਮੁਤਾਬਿਕ ਪੰਜਾਬ ਦੀ ਮਾਨ ਸਰਕਾ ਨੇ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਡਿਫਾਲਟ ਹੋਏ ਬਿਜਲੀ ਖ਼ਪਤਕਾਰਾਂ ਲਈ ਇਕ ਖਾਸ ਅਤੇ ਸੁਨਹਿਰੀ ਮੌਕਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਸ਼ਲ ਮੀਡੀਆ ਦੇ ਟਵਿੱਟਰ ਪਲੇਟਫਾਰਮ ਰਾਹੀਂ ਭਗਵੰਤ ਮਾਨ ਨੇ ਲਿਖਿਆ ਕਿ ਮਾਨ ਸਰਕਾਰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਕਾਰਨ ਡਿਫ਼ਾਲਟਰਾਂ ਹੋਏ ਬਿਜਲੀ ਖਪਤਕਾਰਾਂ ਲਈ ਓ. ਟੀ. ਐੱਸ. ਸਕੀਮ ਲੈ ਕੇ ਆ ਰਹੇ ਹਨ। ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਬਿਜਲੀ ਕੁਨੈਕਸ਼ਨ ਆਰਥਿਕ ਮਜਬੂਰੀਆਂ ਕਾਰਨ ਕੱਟ ਦਿੱਤੇ ਗਏ ਸਨ, ਉਨ੍ਹਾਂ ਲ਼ਈ ਇਹ ਸਕੀਮ ਲਿਆਂਦੀ ਗਈ ਹੈ।
ਇਸਦੇ ਨਾਲ ਹੀ ਜਿਨ੍ਹਾਂ ਨੂੰ ਮੁੜ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ ਸਨ, ਉਨ੍ਹਾਂ ਖਪਤਕਾਰਾਂ ਲਈ ਵੀ ਇਹ ਮੌਕਾ ਹੈ ਕਿ ਉਹ ਕੁਨੈਕਸ਼ਨ ਮੁੜ ਜੁੜਵਾ ਸਕਣ। ਉਨ੍ਹਾਂ ਕਿਹਾ ਕਿ ਸਕੀਮ ਦੇ ਅਨੁਸਾਰ ਖ਼ਪਤਕਾਰ ਛੋਟ ਲੈਂਦਿਆਂ 3 ਮਹੀਨਿਆਂ ਲਈ ਕਿਸ਼ਤਾਂ ਵਿੱਚ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ। ਇਹ ਸਕੀਮ ਹਰੇਕ ਵਰਗ ਲਈ ਲਾਗੂ ਰਹੇਗੀ। ਇਸਦਾ ਲਾਭ ਖ਼ਾਸ ਕਰਕੇ ਉਦਯੋਗਿਕ ਖ਼ਪਤਕਾਰਾਂ ਨੂੰ ਮਿਲੇਗਾ।
ਕੀ ਹੈ ਸਕੀਮ :ਜੇਕਰ ਬਿੱਲ ਅਦਾ ਕਰਨ ਲਈ ਮੌਜੂਦਾ ਹਿਦਾਇਤਾਂ ਦੀ ਗੱਲ ਕਰੀਏ ਤਾਂ ਬਿਜਲੀ ਬਿਲਾਂ ਦੀ ਬਕਾਇਆ ਰਾਸ਼ੀ 'ਤੇ ਲੇਟ ਪੇਮੈਂਟ 18 ਫੀਸਦ ਵਿਆਜ ਸਮੇਤ ਦੇਣੀ ਪੈਂਦੀ ਹੈ। ਫਿਕਸਡ ਚਾਰਜਿਜ਼ ਬਿਜਲੀ ਕੁਨੈਕਸ਼ਨ ਕੱਟਣ ਤੋਂ ਜੋੜਨ ਦੀ ਮਿਆਦ ਤੱਕ ਅਦਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਅਦਾਇਗੀ ਕਰਨ ਲ਼ਈ ਕਿਸੇ ਤਰ੍ਹਾਂ ਦੀ ਕੋਈ ਕਿਸ਼ਤ ਦਾ ਪ੍ਰਬੰਧ ਨਹੀਂ ਹੈ। ਪਰ ਹੁਣ ਓਟੀਐੱਸ ਸਕੀਮ ਤਹਿਤ ਬਿਜਲੀ ਬਿਲਾਂ ਦੀ ਬਕਾਇਆ ਰਾਸ਼ੀ ਉੱਤੇ ਲੇਟ ਪੇਮੈਂਟ 9 ਫੀਸਦ ਸਧਾਰਣ ਵਿਆਜ ਅਨੁਸਾਰ ਹੀ ਦੇਣੀ ਪਵੇਗੀ। ਇਸੇ ਤੋਂ ਇਲਾਵਾ ਫਿਕਸਡ ਚਾਰਜਸ ਤਹਿਤ ਕੁਨੈਕਸ਼ਨ ਕੱਟਣ ਤੋਂ ਜੋੜਨ ਦੀ ਮਿਆਦ 6 ਮਹੀਨੇ ਜਾਂ ਘੱਟ ਦਿਨਾਂ ਦਾ ਕੋਈ ਵੀ ਪੈਸਾ ਨਹੀਂ ਦੇਣਾ ਪੈਣਾ। ਇਸੇ ਤਰ੍ਹਾਂ ਪੇਮੈਂਟ 1 ਸਾਲ ਵਿੱਚ ਚਾਰ ਕਿਸ਼ਤਾਂ ਰਾਹੀਂ ਭਰਨ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ।