ਚੰਡੀਗੜ੍ਹ: ਲੱਕੜ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਸ਼ਾਤਿਰ ਅਪਰਾਧੀ ਹੁਣ ਬਚ ਨਹੀਂ ਸਕਣਗੇ। ਵਾਰਦਾਤ ਵਿੱਚ ਲੱਕੜ ਦੇ ਬਣੇ ਔਜ਼ਾਰ ਰਾਹੀਂ ਵੀ ਅਪਰਾਧੀ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇਗਾ। ਇਸ ਤਕਨੀਕ ਦੀ ਖੋਜ ਪੰਜਾਬ ਯੂਨੀਵਰਸਿਟੀ ਦੇ ਫੋਰੈਂਸਿਕ ਵਿਭਾਗ ਦੇ ਪ੍ਰੋਫ਼ੈਸਰ ਡਾ. ਵਿਸ਼ਾਲ ਸ਼ਰਮਾ ਨੇ ਕੀਤੀ ਹੈ। ਦੇਸ਼-ਵਿਦੇਸ਼ ਵਿੱਚੋਂ ਵੱਖ-ਵੱਖ ਤਰ੍ਹਾਂ ਦੇ 32 ਦਰੱਖਤਾਂ ਦੀ ਲੱਕੜ ਉੱਪਰ ਕੀਤੀ ਖੋਜ ਦੀ ਕੁੱਲ ਔਸਤ 90ਫ਼ੀਸਦੀ ਰਹੀ। ਇਹ ਰਿਸਰਚ ਡਾ. ਵਿਸ਼ਾਲ ਨੇ ਆਪਣੇ ਵਿਦੇਸ਼ੀ ਦੋਸਤ ਨਾਲ ਮਿਲ ਕੇ ਕੀਤੀ ਹੈ।
...ਹੁਣ ਲੱਕੜ ਜ਼ਰੀਏ ਵੀ ਫੜ੍ਹੇ ਜਾਣਗੇ ਦੋਸ਼ੀ! ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਡਾ. ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਇਹ ਲੱਕੜ ਜੰਗਲਾਤ ਵਿਭਾਗ ਵਿੱਚ ਹੁੰਦੀ ਤਸਕਰੀ ਦੀ ਖੇਪ ਨੂੰ ਵੀ ਸਕੈਨ ਕਰਕੇ ਦੋਸ਼ੀਆਂ ਨੂੰ ਫੜਨ ਵਿੱਚ ਮਦਦਗਾਰ ਸਾਬਤ ਹੋਵੇਗਾ, ਜਿਸ ਨਾਲ ਦੇਸ਼ ਦੇ ਜੰਗਲਾਂ ਵਿੱਚ ਹੁੰਦੀ ਦਰੱਖਤਾਂ ਦੀ ਕਟਾਈ ਅਤੇ ਤਸਕਰੀ ਨੂੰ ਠੱਲ ਪਾਈ ਜਾ ਸਕਦੀ ਹੈ ਕਿਉਂਕਿ ਇਸ ਖੋਜ ਰਾਹੀਂ ਪਤਾ ਲਗਾਇਆ ਜਾ ਸਕਦਾ ਕਿ ਦਰੱਖਤ ਦੀ ਕਟਾਈ ਜੰਗਲ ਦੇ ਕਿਸ ਹਿੱਸੇ ਵਿੱਚੋਂ ਹੋਈ ਹੈ।
ਡਾ. ਵਿਸ਼ਾਲ ਨੇ ਇਹ ਵੀ ਦੱਸਿਆ ਕਿ ਇੱਕ ਸਾਲ ਤੋਂ ਉਹ ਚੈੱਕ ਰਿਪਬਲਿਕ ਦੀ ਯੂਨੀਵਰਸਿਟੀ ਨਾਲ ਮਿਲ ਕੇ ਇਹ ਖੋਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੀ ਇਹ ਪਹਿਲੀ ਖੋਜ ਹੈ ਜਿਸ ਬਾਰੇ ਅੰਤਰਰਾਸ਼ਟਰੀ ਪੱਧਰ 'ਤੇ ਪੇਪਰ ਪ੍ਰਕਾਸ਼ਤ ਹੋ ਚੁੱਕਿਆ ਹੈ। ਇਸ ਖੋਜ ਵਿੱਚ ਸਟੈਟਿਕਸ ਰਾਹੀਂ ਇੱਕ ਵੱਡੇ ਪੱਧਰ 'ਤੇ ਡਾਟਾਬੇਸ ਤਿਆਰ ਕਰਕੇ ਸਮੱਗਲਿੰਗ ਅਤੇ ਕ੍ਰਾਈਮ ਸੀਨ ਤੋਂ ਮਿਲੇ ਸਬੂਤ ਰਾਹੀਂ ਮੁਲਜ਼ਮ ਨੂੰ ਫੜ੍ਹਿਆ ਜਾ ਸਕਦਾ ਹੈ।
ਡਾ. ਵਿਸ਼ਾਲ ਨੇ ਵੀ ਦੱਸਿਆ ਕਿ ਇਸ ਨਵੀਂ ਖੋਜ ਬਾਰੇ ਭਾਰਤ ਸਰਕਾਰ ਅਤੇ ਵਾਤਾਵਰਨ ਵਿਭਾਗ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਮਿਲ ਕੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਜੰਗਲਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਉਹ ਇਕ ਨਵਾਂ ਡਿਵਾਈਸ ਤਿਆਰ ਕਰ ਰਹੇ ਹਨ, ਜਿਸ ਦੀ ਫੋਰੈਂਸਿਕ ਟੀਮ ਕਿਸੇ ਵੀ ਕ੍ਰਾਈਮ ਦੇ ਮੌਕੇ 'ਤੇ ਵਰਤੋਂ ਕਰ ਸਕੇਗੀ ਅਤੇ ਜੰਗਲਾਤ ਵਿਭਾਗ ਵੀ ਕਿਸੇ ਵੀ ਤਸਕਰੀ ਦੀ ਖੇਪ ਦੀ ਖ਼ਬਰ ਨੂੰ ਮੌਕੇ 'ਤੇ ਸਕੈਨ ਕਰ ਕੇ ਦੋਸ਼ੀਆਂ ਨੂੰ ਫੜ ਸਕੇਗਾ।