ਚੰਡੀਗੜ੍ਹ:ਪੰਜਾਬ ਦੇ ਵਿੱਚ ਨਸ਼ੇ ਦਾ ਛੇਵਾਂ ਦਰਿਆ ਵਹਿੰਦਾ ਹੈ ਜੋ ਪੰਜਾਬ ਦੀ ਖੁਸ਼ਹਾਲੀ ਨੂੰ ਆਪਣੇ ਨਾਲ ਵਹਾ ਕੇ ਲਿਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਵਿਧਾਨ ਸਭਾ ਵਿਚ ਅੰਕੜੇ ਸਾਂਝੇ ਕੀਤੇ ਕਿ ਪੰਜਾਬ ਦੇ 10 ਲੱਖ ਲੋਕ ਨਸ਼ਾ ਕਰਦੇ ਹਨ। ਪੰਜਾਬ ਦੀ ਅਬਾਦੀ 3.17 ਕਰੋੜ ਹੈ ਜਿਸਦੇ ਹਿਸਾਬ ਨਾਲ ਪੰਜਾਬ ਦੀ 3 ਫ਼ੀਸਦੀ ਅਬਾਦੀ ਨਸ਼ਾ ਕਰਦੀ ਹੈ। ਦਹਾਕੇ ਤੋਂ ਵੀ ਜ਼ਿਆਦਾ ਦਾ ਵਕਤ ਹੋ ਗਿਆ ਜਦੋਂ ਤੋਂ ਪੰਜਾਬ ਵਿੱਚ ਨਸ਼ੇ ਦੀ ਸਥਿਤੀ ਬੇਕਾਬੂ ਹੋ ਗਈ । ਹਰ ਰੋਜ਼ ਨਸ਼ੇ ਨਾਲ ਝੂਲਦੇ ਨੌਜਵਾਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦੀ ਵੀ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ। ਹਰ ਘਰ ਵਿੱਚ ਨਸ਼ੇ ਨਾਲ ਸੱਥਰ ਵਿਛ ਰਹੇ ਹਨ ਅਤੇ ਇਸ ਉੱਤੇ ਠੱਲ੍ਹ ਪਾਉਣ ਵਿਚ ਹੁਣ ਤੱਕ ਸਰਕਾਰਾਂ ਵੀ ਬੇਵੱਸ ਨਜ਼ਰ ਆਈਆਂ। ਅਜਿਹੀ ਸਥਿਤੀ 'ਚ ਸਵਾਲ ਇਹ ਹੈ ਕਿ ਹੁਣ ਤੱਕ ਸਰਕਾਰਾਂ ਨਸ਼ਾ ਰੋਕ ਕਿਉਂ ਨਹੀਂ ਸਕੀਆਂ ?
10 ਲੱਖ ਤੋਂ ਜ਼ਿਆਦਾ ਪੰਜਾਬੀ ਨਸ਼ੇ ਦੀ ਦਲਦਲ 'ਚ : ਪੰਜਾਬ ਵਿਧਾਨ ਸਭਾ ਵਿਚ ਸਿਹਤ ਮੰਤਰੀ ਡਾਕਟਰ ਬਲਬੀਰ ਵੱਲੋਂ ਜੋ ਅੰਕੜੇ ਸਾਂਝੇ ਕੀਤੇ ਉਹਨਾਂ ਅਨੁਸਾਰ 10 ਲੱਖ ਪੰਜਾਬੀ ਨਸ਼ੇ ਦੀ ਦਲਦਲ ਵਿ$ਚ ਧਸੇ ਹੋਏ ਹਨ ਗਿਣਤੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਡਾ. ਬਲਬੀਰ ਨੇ ਦੱਸਿਆ ਕਿ 2.62 ਲੱਖ ਨਸ਼ੇੜੀ ਅਜਿਹੇ ਹਨ ਜੋ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਅਤੇ 6.12 ਲੱਖ ਨਸ਼ੇੜੀ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ। ਕੁਝ ਲੋਕ ਸਮਾਜਿਕ ਝਿਜਕ ਦੇ ਕਾਰਨ ਨਸ਼ਾ ਛੁਡਾਉਣ ਲਈ ਅੱਗੇ ਆਉਂਦੇ ਹੀ ਨਹੀਂ। ਸੂਬੇ ਵਿੱਚ 528 ਓਓਏਟੀ ਕੇਂਦਰ, 36 ਸਰਕਾਰੀ ਨਸ਼ਾ ਛੁਡਾਊ ਕੇਂਦਰ, 185 ਪ੍ਰਾਈਵੇਟ, 19 ਸਰਕਾਰੀ ਰੀਹੈਬ ਅਤੇ 74 ਪ੍ਰਾਈਵੇਟ ਹੋਣ ਦੇ ਬਾਵਜੂਦ ਨਸ਼ੇੜੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ ਹੈ।
ਹੁਣ ਤੱਕ ਕਿਉਂ ਨਹੀਂ ਸੁਕਿਆ ਨਸ਼ੇ ਦਾ ਦਰਿਆ ?: ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀਕਾਂਤ ਨੇ ਪੰਜਾਬ ਵਿੱਚ ਨਸ਼ੇ ਦੀ ਸਥਿਤੀ 'ਤੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਹਨਾਂ ਅਨੁਸਾਰ ਪੰਜਾਬ ਦੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਕਰਕੇ ਹੁਣ ਤੱਕ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕਰ ਸਕੀ। ਹਰ ਚੀਜ਼ ਵਿਚ ਬਿਆਨਬਾਜ਼ੀ ਜ਼ਿਆਦਾ ਹੈ ਅਤੇ ਇੱਛਾ ਸ਼ਕਤੀ ਘੱਟ ਹੈ। ਮਾਹਿਰਾਂ ਦੀ ਮੰਨੀਏ ਤਾਂ ਨਸ਼ਾ ਮੁਕਤੀ ਕੇਂਦਰਾਂ ਅਤੇ ਕੇਂਦਰਾਂ ਵਿੱਚ ਜਾਣ ਵਾਲਿਆਂ ਦੇ ਅੰਕੜਿਆਂ ਦਾ ਹਮੇਸ਼ਾ ਹੇਰ ਫੇਰ ਹੋਇਆ। ਸਰਕਾਰੀ ਜਾਂ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਵਿੱਚ ਕਿੰਨੇ ਲੋਕ ਆਏ ਕਿੰਨਿਆਂ ਦਾ ਇਲਾਜ ਹੋਇਆ ਕਦੇ ਵੀ ਸਹੀ ਅੰਕੜੇ ਨਹੀਂ ਦੱਸੇ ਜਾਂਦੇ ਹਨ। ਕਿੰਨੇ ਬੰਦੇ ਆਏ ਅਤੇ ਕਿਹੜੇ ਉਮਰ ਵਰਗ ਦੇ ਲੋਕ ਨਸ਼ਾ ਮੁਕਤੀ ਕੇਂਦਰਾਂ ਵਿੱਚ ਆਏ, ਕਿਹੜੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕੀਤਾ, ਕਿੰਨਿਆਂ ਨੂੰ ਨਸ਼ਿਆਂ ਤੋਂ ਮੁਕਤੀ ਮਿਲੀ, ਕਿੰਨੇ ਮੁੜ ਤੋਂ ਫਿਰ ਨਸ਼ੇ ਦੀ ਦਲਦਲ ਵਿਚ ਫਸੇ ਇਹ ਵੀ ਕਦੇ ਉਜਾਗਰ ਨਹੀਂ ਕੀਤਾ ਗਿਆ। ਕਿਸ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਗਈਆਂ, ਓਪੀਅਡ ਡਰੱਗਸ ਕਿਹੜੀ ਲਗਾਈ ਗਈ। ਕਿੱਥੋਂ ਮੰਗਵਾਈ ਗਈ, ਕਿੰਨੀ ਮਾਤਰਾ ਵਿਚ ਮੰਗਵਾਈ ਗਈ ਇਹ ਤੱਥ ਵੀ ਕਦੇ ਉਜਾਗਰ ਨਹੀਂ ਕੀਤੇ ਗਏ। ਇਹਨਾਂ ਦਾ ਰਿਕਾਰਡ ਮੰਗਿਆ ਜਾਣਾ ਜ਼ਰੂਰੀ ਵੀ ਹੈ। ਕੁੱਝ ਸ਼ਰਾਰਤੀ ਤੱਤ ਸਸਤਾ ਨਸ਼ਾ ਖਰੀਦ ਕੇ ਬਲੈਕ ਮਾਰਕੀਟਿੰਗ 'ਚ ਮਹਿੰਗਾ ਵੇਚਦੇ ਹਨ।