ਚੰਡੀਗੜ੍ਹ: ਲੋਕ ਸਭਾ ਚੋਣਾਂ 2024 (Lok Sabha Elections 2024) ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਗਾਤਾਰ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਅਰੰਭੀ ਹੋਈ ਹੈ ਅਤੇ ਹੁਣ ਉਨ੍ਹਾਂ ਵੱਲੋਂ ਛੇੜੀ ਗਈ ਵਾਪਸੀ ਦੀ ਮੁਹਿੰਮ ਦਾ ਅਸਰ ਵੀ ਵੇਖਣ ਨੂੰ ਮਿਲਿਆ ਹੈ। ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀਕੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿੱਚ ਪਰਤ ਆਏ ਹਨ। ਉਨ੍ਹਾਂ ਦੀ ਵਾਪਸੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਕਰਵਾਈ ਗਈ।
ਪਾਰਟੀ ਵਿੱਚ ਵਿਖਾਇਆ ਗਿਆ ਸੀ ਬਾਹਰ ਦਾ ਰਾਹ: ਜਾਗੋ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀਕੇ ਨੂੰ 2019 ਵਿੱਚ ਖੁੱਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Party President Sukhbir Singh Badal) ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ। ਦਰਅਸਲ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੋਟਾਂ ਵਿੱਚ ਮਾੜੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਸਨ। ਇਸ ਤੋਂ ਪਹਿਲਾਂ ਜਨਵਰੀ 2019 ਵਿੱਚ ਮਨਜੀਤ ਸਿੰਘ ਜੀਕੇ ਨੇ ਕਥਿਤ ਇਲਜ਼ਾਮਾਂ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।
ਸਿੱਖ ਪੰਥ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉੱਘੇ ਅਕਾਲੀ ਆਗੂ ਸ.ਮਨਜੀਤ ਸਿੰਘ ਜੀ.ਕੇ ਦੇ ਆਪਣੀ ਪੂਰੀ ਜਾਗੋ ਪਾਰਟੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣ ਨਾਲ ਦਿੱਲੀ ਵਿੱਚ ਪੂਰਨ ਪੰਥਕ ਏਕਤਾ ਦੀ ਪ੍ਰਾਪਤੀ ਹੋਈ ਹੈ। ਮੈਨੂੰ ਯਕੀਨ ਹੈ ਕਿ ਇਹ ਏਕਤਾ ਨਾ ਸਿਰਫ਼ ਸਿੱਖ ਕੌਮ ਨੂੰ ਮਜ਼ਬੂਤ ਕਰੇਗੀ ਸਗੋਂ ਸਾਡੀਆਂ ਸਾਰੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਰਾਹ ਪੱਧਰਾ ਕਰੇਗੀ। ਮੈਂ ਉਨ੍ਹਾਂ ਸਾਰਿਆਂ ਨੂੰ ਵੀ ਅਪੀਲ ਕਰਦਾ ਹਾਂ ਜੋ ਇਸ ਤੋਂ ਵੱਖ ਹੋ ਗਏ ਸਨ। @ਅਕਾਲੀ_ਦਲ ਇਸ ਵਿਕਾਸ ਤੋਂ ਪ੍ਰੇਰਨਾ ਲੈਣ ਅਤੇ ਆਪਣੀ 'ਮਦਰ ਪਾਰਟੀ' ਨਾਲ ਮੁੜ ਜੁੜਨ ਲਈ।...ਸੁਖਬੀਰ ਬਾਦਲ,ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ
ਪੰਥਕ ਮੁੱਦਿਆਂ ਨੂੰ ਪੂਰਾ ਕਰਨ ਲਈ ਵਾਪਸੀ:ਕਰੀਬ 4 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਜਾ ਰਹੇ ਮਨਜੀਤ ਸਿੰਘ ਜੀਕੇ (Manjeet Singh GK) ਨੂੰ ਕਿਹੜੀ ਜ਼ਿੰਮੇਵਾਰੀ ਮਿਲੇਗੀ, ਇਸ ਦਾ ਖੁਲਾਸਾ ਨਹੀਂ ਹੋਇਆ ਪਰ ਮਨਜੀਤ ਸਿੰਘ ਜੀਕੇ ਨੇ ਪਾਰਟੀ ਵਿੱਚ ਵਾਪਸੀ ਦਾ ਮੁੱਖ ਕਾਰਣ ਪੰਥਕ ਮੁੱਦਿਆਂ ਨੂੰ ਦੱਸਿਆ ਹੈ। ਕਿਹਾ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖ ਪੰਥ ਨੂੰ ਇਕਜੁੱਟ ਕਰਨ ਲਈ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ‘ਤੇ ਇੱਕ ਵਾਰ ਫਿਰ ਅਕਾਲੀ ਦਲ ਨਾਲ ਹੱਥ ਮਿਲਾਇਆ ਹੈ। ਉਨ੍ਹਾਂ ਦਿੱਲੀ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਆਪਣੀ ਜਾਗੋ ਪਾਰਟੀ ਨੂੰ ਅਕਾਲੀ ਦਲ ਵਿੱਚ ਰਲਾਉਣ ਦਾ ਐਲਾਨ ਕੀਤਾ।