ਪੰਜਾਬ

punjab

ETV Bharat / state

ਕਰਤਾਰਪੁਰ ਲਾਂਘਾ: ਕੈਪਟਨ ਨੇ ਕੇਂਦਰੀ ਟੀਮ ਸਾਹਮਣੇ ਰੱਖੀਆਂ ਅਹਿਮ ਮੰਗਾਂ - kartarpur corridor news

ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪ੍ਰਤੀ ਵਿਅਕਤੀ 10 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਏ ਕਿ ਲਾਂਘੇ ਵਾਲੀ ਥਾਂ ’ਤੇ ਪਾਕਿਸਤਾਨ ਵੱਲੋਂ ਕਰੰਸੀ ਵਟਾਉਣ ਲਈ ਲੋੜੀਂਦੇ ਬੂਥ ਸਥਾਪਤ ਕੀਤੇ ਜਾਣ।

ਫ਼ੋਟੋ

By

Published : Oct 2, 2019, 6:10 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਆਨਲਾਈਨ ਅਪਲਾਈ ਕਰਨ ਲਈ ਮਿੱਥੇ ਗਏ 30 ਦਿਨ ਦੇ ਸਮੇਂ ਨੂੰ ਘਟਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਫ਼ੋਟੋ

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਟੀਮ ਨੂੰ ਸ਼ਰਧਾਲੂਆਂ ਲਈ ਈ-ਪਰਮਿਟ ਜਾਰੀ ਕਰਨ ਦੀ ਸੰਭਾਵਨਾ ਤਲਾਸ਼ਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਪਾਸਪੋਰਟ ਸੇਵਾ ਕੇਂਦਰ ਸਥਾਪਤ ਕਰਨ ਲਈ ਵੀ ਆਖਿਆ ਹੈ, ਤਾਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਅਪਲਾਈ ਕਰਨ ਵਾਲੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਸਹੂਲਤ ਹਾਸਲ ਹੋ ਸਕੇ।


ਉਨਾਂ ਕਿਹਾ ਕਿ ਅਜਿਹਾ ਸੇਵਾ ਕੇਂਦਰ ਦੂਰ-ਦਰਾਡੇ ਅਤੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ ਉਨਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ’ਤੇ ਦਬਾਅ ਬਣਾ ਕੇ ਸ਼ਰਧਾਲੂਆਂ ਲਈ ਮਿੱਥੀ 20 ਡਾਲਰ ਫ਼ੀਸ ਨੂੰ ਹਟਾਉਣ ਦੀ ਮੁੜ ਅਪੀਲ ਕੀਤੀ।


ਇਸੇ ਦੌਰਾਨ ਮੁੱਖ ਮੰਤਰੀ ਨੇ ਚੰਡੀਗੜ ਦੇ ਰੀਜਨਲ ਪਾਸਪੋਰਟ ਅਫ਼ਸਰ ਨੂੰ ਆਖਿਆ ਕਿ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ ’ਤੇ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਾਸਟ ਟਰੈਕ ਅਤੇ ਪਹੁੰਚਯੋਗ ਢੰਗ-ਤਰੀਕਾ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਨੇ ਵਿਭਾਗ ਨੂੰ ਇਹ ਵੀ ਆਖਿਆ ਕਿ ਆਨਲਾਈਨ ਅਪਲਾਈ ਕਰਨ ਲਈ ਸ਼ਰਧਾਲੂਆਂ ਦੀ ਮਦਦ ਵਾਸਤੇ ਸੂਬਾ ਭਰ ਵਿੱਚ ਪਾਸਪੋਰਟ ਕੈਂਪ ਲਾਉਣੇ ਤੁਰੰਤ ਸ਼ੁਰੂ ਕੀਤੇ ਜਾਣ।


ਭਾਰਤ ਵਾਲੇ ਪਾਸੇ ਉਸਾਰੇ ਜਾ ਰਹੇ ਪੁਲ ਅਤੇ ਚਾਰ-ਮਾਰਗੀ ਹਾਈਵੇਅ ਦੇ ਨਾਲ-ਨਾਲ ਦਰਸ਼ਨ ਸਥਲ ਦੇ ਡਿਜ਼ਾਈਨ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕੇਂਦਰੀ ਟੀਮ ਨੂੰ ਇਨ੍ਹਾਂ ਦਾ ਕੰਮ ਛੇਤੀ ਤੋਂ ਛੇਤੀ ਨਿਬੇੜਣ ਲਈ ਆਖਿਆ। 177.50 ਕਰੋੜ ਦੀ ਲਾਗਤ ਨਾਲ ਉਸਾਰੀ ਜਾ ਰਹੇ ਆਲਾ ਦਰਜੇ ਦੀ ਪੈਸੰਜ਼ਰ ਟਰਮੀਨਲ ਦੀ ਇਮਾਰਤ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ, ਕਿ ਕੇਂਦਰੀ ਟੀਮ ਵੱਲੋਂ ਇਸ ਦੀ ਪ੍ਰਗਤੀ ਦੀ ਨੇੜਿਓਂ ਨਿਗਰਾਨੀ ਰੱਖੀ ਜਾ ਰਹੀ ਹੈ, ਅਤੇ ਇਹ ਪ੍ਰੋਜੈਕਟ 31 ਅਕਤੂਬਰ 2019 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।


ਮੁੱਖ ਮੰਤਰੀ ਨੇ ਮੌਜੂਦਾ ਸਾਲ ਦੌਰਾਨ ਅੰਤਰਰਾਸ਼ਟਰੀ ਸਰਹੱਦ ਨਾਲ ਜੁੜਨ ਲਈ ਆਰਜ਼ੀ ਤੌਰ ’ਤੇ ਉਸਾਰੀ ਜਾ ਰਹੀ ਸਰਵਿਸ ਰੋਡ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਹ ਪ੍ਰੋਜੈਕਟ 15 ਅਕਤੂਬਰ 2019 ਤੱਕ ਮੁਕੰਮਲ ਹੋ ਜਾਵੇਗਾ।

ਇਹ ਵੀ ਪੜ੍ਹੋ: ਰਾਜੋਆਣਾ ਦੀ ਉਮਰ ਕੈਦ ਦੇ ਫੈਸਲੇ ਦਾ ਅਕਾਲੀ ਦਲ ਨੇ ਕੀਤਾ ਸਵਾਗਤ


ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸ.ਸੀ.ਐੱਲ. ਦਾਸ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਆਪਣੇ ਪਾਕਿਸਤਾਨੀ ਹਮਰੁਤਬਿਆਂ ਕੋਲ ਇਸ ਮਸਲੇ ਨੂੰ ਉਠਾਇਆ ਹੋਇਆ ਹੈ। ਪਾਕਿਸਤਾਨ ਹੁਣ ਤੱਕ ਰੋਜ਼ਾਨਾ ਵੱਧ ਤੋਂ ਵੱਧ 5000 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋਇਆ ਹੈ, ਅਤੇ ਵਿਸ਼ੇਸ਼ ਦਿਨਾਂ ਦੌਰਾਨ ਇਸ ਦੀ ਹੱਦ ਵਧਾਉਂਦਿਆਂ 10,000 ਜਾਂ ਇਸ ਤੋਂ ਵੱਧ ਹੋਵੇਗੀ।

ABOUT THE AUTHOR

...view details