ਚੰਡੀਗੜ੍ਹ:ਪੰਜਾਬ ਦੇ ਵਿਚ ਅਮਨ ਕਾਨੂੰਨ ਵਿਵਸਥਾ ਲੋਕਾਂ ਦੀ ਜਾਨ ਦਾ ਖੌਫ਼ ਬਣਦੀ ਜਾ ਰਹੀ ਹੈ। ਹਰ ਨਵੇਂ ਚੜੇ ਦਿਨ ਨਾਲ ਕੋਈ ਨਾ ਕੋਈ ਕਤਲ ਦੀ ਵਾਰਦਾਤ ਸਾਹਮਣੇ ਆ ਹੀ ਜਾਂਦੀ ਹੈ। ਅਮਨ ਕਾਨੂੰਨ ਵਿਵਸਥਾ ਦੀ ਡਾਵਾਂ ਡੋਲ ਸਥਿਤੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ। ਪਿਛਲੇ 6 ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 58 ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਹਰ ਰੋਜ਼ ਧਮਕੀ ਅਤੇ ਫਿਰੌਤੀ ਦੀਆਂ ਕਾਲਾਂ ਮਿਲ ਰਹੀਆਂ ਹਨ। ਉਨ੍ਹਾਂ ਵਿੱਚ 3 ਤਾਂ ਅਜਿਹੇ ਹਨ, ਜਿਨ੍ਹਾਂ ਨੇ ਫੋਨ ਕਰਨ ਵਾਲੇ ਗੈਂਸਸਟਰਾਂ ਅਤੇ ਗੈਰ ਸਮਾਜਿਕ ਅਨਸਰਾਂ ਨੂੰ ਫਿਰੌਤੀ ਨਹੀਂ ਦਿੱਤੀ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਸ ਤਰ੍ਹਾਂ ਪੰਜਾਬ ਵਿਚ ਜੁਰਮ ਦੀਆਂ ਬੇਖੌਫ ਵਰਦਾਤਾਂ ਦਾ ਹੋਣਾ ਅਤੇ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹੋਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਬਾਰੇ ਈਟੀਵੀ ਭਾਰਤ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ ਦੇ) ਸ਼ਸ਼ੀਕਾਂਤ ਨਾਲ ਖਾਸ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਮੰਨਣਾ ਹੈ ਕਿ ਕਦੇ ਪੰਜਾਬ ਨੂੰ ਦੁੱਧ, ਮੱਖਣਾ ਅਤੇ ਖੁੱਲੀਆਂ ਖੁਰਾਕਾਂ ਲਈ ਜਾਣਿਆ ਜਾਂਦਾ ਸੀ, ਪਰ ਅੱਜ ਪੰਜਾਬ ਡਰ ਰਿਹਾ ਹੈ। ਖੂਨ ਖਰਾਬੇ ਨਾਲ ਮਾਹੌਲ ਖਰਾਬ ਹੈ।
ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ ਦੇ) ਸ਼ਸ਼ੀਕਾਂਤ ਨਾਲ ਖਾਸ ਗੱਲਬਾਤ ਗੈਂਗਸਟਰਾਂ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਗਿਆ:ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਕਿਹਾ ਕਿ ਪੰਜਾਬ ਵਿੱਚ ਕਦੇ ਖਾਣ ਪੀਣ ਅਤੇ ਪੰਜਾਬੀਆਂ ਦੀ ਦਲੇਰੀ ਮਸ਼ਹੂਰ ਸੀ, ਅੱਜ ਵਿਸਕੀ ਸ਼ਰਾਬ ਅਤੇ ਨਸ਼ਾ, ਪੰਜਾਬ ਨੂੰ 'ਉੱਡਦਾ ਪੰਜਾਬ' ਵੀ ਕਿਹਾ ਗਿਆ। ਹਾਲਾਤ ਚਾਹੇ ਜੋ ਵੀ ਹੋਣ ਪੰਜਾਬ ਡਰਦਾ ਨਹੀਂ ਹੈ ਅਤੇ ਨਾ ਹੀ ਪੰਜਾਬੀਆਂ ਦੇ ਸੁਭਾਅ ਵਿਚ ਡਰਨਾ ਹੈ। ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ 'ਤੇ ਉਨ੍ਹਾਂ ਕਿਹਾ ਕਿ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਪੰਜਾਬ ਵਿਚ ਕਈ ਘਟਨਾਵਾਂ ਹੋਈਆਂ ਜਿਸ ਤੋਂ ਪੰਜਾਬੀ ਸਮਾਜ ਹਿੱਲ ਗਿਆ ਅਤੇ ਕੇਂਦਰੀ ਏਜੰਸੀਆਂ ਨੂੰ ਇਸ ਵਿਚ ਦਖਲ ਅੰਦਾਜ਼ੀ ਕਰਨੀ ਪਈ ਅਤੇ ਗੈਂਗਸਟਰਾਂ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲਾਰੈਂਸ ਗੈਂਗ ਵੀ ਫੜਿਆ ਗਿਆ, ਜੋ ਜੇਲ੍ਹਾਂ ਵਿਚ ਬੈਠ ਕੇ ਇਨ੍ਹਾਂ ਘਟਨਾਵਾਂ ਨੂੰ ਸ਼ਾਤਿਰ ਦਿਮਾਗੀ ਨਾਲ ਅੰਜਾਮ ਦੇ ਰਿਹਾ ਸੀ।
ਪੁਲਿਸ ਵੱਲੋਂ ਕਦੇ ਵੀ ਸਲੀਪਰ ਸੈਲ ਦੀ ਡੂੰਘਾਈ ਉੱਤੇ ਕੰਮ ਨਹੀਂ ਕੀਤਾ ਗਿਆ: ਇਸ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਕਿਹਾ ਕਿ ਗੈਂਗਸਟਰਾਂ ਆਪਣੀ ਹੋਂਦ ਵਿਖਾਉਣ ਲਈ ਸਮੇਂ ਸਮੇਂ 'ਤੇ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਗੈਂਗਸਟਰ, ਡਰੱਗ ਸਮੱਗਲਰ ਜਾਂ ਅੱਤਵਾਦੀ ਹੋਣ ਇਹ ਕਦੇ ਵੀ ਆਪ ਕੰਮ ਨਹੀਂ ਕਰਦੇ। ਇਨ੍ਹਾਂ ਦੇ ਵੱਖ- ਵੱਖ ਗੁਰਗੇ ਵੱਖ ਵੱਖ ਥਾਵਾਂ ਉੱਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਦੇ ਵੱਖ ਵੱਖ ਸਲੀਪਰ ਸੈਲ ਹੁੰਦੇ ਹਨ ਅਤੇ ਵੱਖ ਵੱਖ ਕੈਟੇਗਿਰੀਆਂ ਹੁੰਦੀਆਂ ਹਨ। ਅਜੇ ਤੱਕ ਪੁਲਿਸ ਵੱਲੋਂ ਕਦੇ ਵੀ ਸਲੀਪਰ ਸੈਲ ਦੀ ਡੂੰਘਾਈ ਉੱਤੇ ਕੰਮ ਨਹੀਂ ਕੀਤਾ ਗਿਆ। ਗੈਂਗਸਟਰ ਖ਼ਤਮ ਹੁੰਦੇ ਹਨ ਅਤੇ ਉਨ੍ਹਾਂ ਦੇ ਸਲਿਪਰ ਸੈਲ ਖ਼ਤਮ ਨਹੀਂ ਹੁੰਦੇ।
ਗੈਂਗਸਟਰਵਾਦ ਖ਼ਤਮ ਕਿਵੇਂ ਕੀਤਾ ਜਾ ਸਕਦਾ ਹੈ? :ਇਸ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਡੀਜੀਪੀ ਨੇ ਆਖਿਆ ਕਿ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਜ਼ਰੂਰ ਪਾਈ ਜਾ ਸਕਦੀ ਹੈ, ਪਰ ਇਹ ਨਾਮੁਮਕਿਨ ਨਹੀਂ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਰਕਾਰ ਜ਼ਿੰਮੇਵਾਰੀ ਤੈਅ ਕਰੇ। ਕੋਈ ਵੀ ਪੁਲਿਸ ਅਫ਼ਸਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਅਜਿਹਾ ਨਹੀਂ ਜਿਸ ਨੂੰ ਆਪਣੇ ਵਿਭਾਗ ਅੰਦਰ ਹੋ ਰਹੇ ਕੰਮਾਂ ਦਾ ਪਤਾ ਨਾ ਹੋਵੇ। ਸਰਕਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਪਰ ਅਫ਼ਸਰਸ਼ਾਹੀ ਨੇ ਸਮੇਂ ਸਮੇਂ 'ਤੇ ਆਪਣੀ ਡਿਊਟੀ ਨਿਭਾਉਣੀ ਹੁੰਦੀ ਹੈ।
ਕਾਂਗਰਸ ਦੇ ਬੁਲਾਰਾ ਜਸਕਰਨ ਸਿੰਘ ਕਾਹਲੋਂ ਵਿਰੋਧੀਆਂ ਦੇ ਨਿਸ਼ਾਨੇ ਪੰਜਾਬ ਸਰਕਾਰ:ਵਿਰੋਧੀ ਧਿਰ ਕਾਂਗਰਸ ਆਮ ਆਦਮੀ ਪਾਰਟੀ ਨੂੰ ਘੇਰਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਸੂਬਾ ਸਰਕਾਰ 'ਤੇ ਸ਼ਾਇਰਾਨਾ ਅੰਦਾਜ਼ ਵਿੱਚ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਸਰਕਾਰ ਪਿਛਲੇ 8 ਮਹੀਨਿਆਂ ਤੋਂ ਸੱਤਾ 'ਤੇ ਕਾਬਜ਼ ਹੈ, ਪਰ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਵਿਚ ਗੈਰ ਹਾਜ਼ਰ ਹੈ। ਨਾ ਹਿਮਾਚਲ 'ਚ ਉਪਲਬਧੀ ਮਿਲੀ, ਨਾ ਹੀ ਗੁਜਰਾਤ 'ਚ ਉਪਲਬਧੀ ਮਿਲੀ। ਪਰ, ਪੰਜਾਬ ਨੂੰ ਬੇਹਾਲ ਕਰਕੇ ਰੱਖ ਦਿੱਤਾ। 58 ਲੋਕਾਂ ਨੂੰ ਫਿਰੌਤੀ ਦੀ ਕਾਲ ਆਉਂਦੀ ਹੈ ਅਤੇ 3 ਦਾ ਕਤਲ ਹੋ ਜਾਂਦਾ ਹੈ, ਪਰ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ?
ਇਹ ਵੀ ਪੜ੍ਹੋ:ਵੱਡੀ ਖ਼ਬਰ: ਤਰਨਤਾਰਨ ਦੇ ਪੁਲਿਸ ਸਾਂਝ ਕੇਂਦਰ 'ਤੇ RPG ਅਟੈਕ, ਭਾਜਪਾ ਆਗੂ ਨੇ ਘੇਰੀ ਸੂਬਾ ਸਰਕਾਰ